ਕੈਬਨਿਟ ਮੰਤਰੀ ਜਿੰਪਾ ਨੇ ਸਕੂਟਰ ‘ਤੇ ਸਵਾਰ ਹੋ ਕੇ ਮਾਤਾ ਚਿੰਤਪੁਰਨੀ ਮੇਲੇ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

0
– ਸੰਗਤਾਂ ਵੱਲੋਂ ਲਗਾਏ ਗਏ ਲੰਗਰਾਂ ਵਿਚ ਕੀਤੀ ਸੇਵਾ 
ਹੁਸ਼ਿਆਰਪੁਰ, 12 ਅਗਸਤ 2024 : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਮਾਤਾ ਚਿੰਤਪੁਰਨੀ ਮੇਲੇ ਦੌਰਾਨ ਲਗਾਏ ਗਏ ਲੰਗਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੇਲੇ ਦੌਰਾਨ ਟ੍ਰੈਫਿਕ ਜਾਮ ਤੋਂ ਬਚਣ ਲਈ ਉਹ ਸਕੂਟਰ ’ਤੇ ਸਵਾਰ ਹੋ ਕੇ ਮਾਤਾ ਚਿੰਤਪੁਰਨੀ ਰੋਡ ’ਤੇ ਚਲੇ ਗਏ। ਇਸ ਮੌਕੇ ਉਨ੍ਹਾਂ ਵੱਖ-ਵੱਖ ਲੰਗਰ ਕਮੇਟੀਆਂ ਵੱਲੋਂ ਚਲਾਏ ਜਾ ਰਹੇ ਲੰਗਰਾਂ ਦੀ ਸੇਵਾ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਕੌਂਸਲਰ ਪ੍ਰਦੀਪ ਬਿੱਟੂ ਵੀ ਹਾਜ਼ਰ ਸਨ।
ਲੰਗਰ ਸਥਾਨਾਂ ਦਾ ਦੌਰਾ ਕਰਦਿਆਂ ਕੈਬਨਿਟ ਮੰਤਰੀ ਨੇ ਲੰਗਰ ਕਮੇਟੀਆਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਤਾ ਚਿੰਤਪੁਰਨੀ ਮੇਲਾ ਇਕ ਧਾਰਮਿਕ ਅਤੇ ਸੱਭਿਆਚਾਰਕ ਮੇਲਾ ਹੈ, ਜਿਥੇ ਹਰ ਸਾਲ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। ਅਜਿਹੀ ਸਥਿਤੀ ਵਿਚ, ਲੰਗਰ ਸੇਵਾਵਾਂ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਕਿਉਂਕਿ ਇਹ ਨਾ ਸਿਰਫ਼ ਸ਼ਰਧਾਲੂਆਂ ਨੂੰ ਭੋਜਨ ਪ੍ਰਦਾਨ ਕਰਦੀਆਂ ਹਨ, ਸਗੋਂ ਸੇਵਾ ਦੀ ਭਾਵਨਾ ਦਾ ਪ੍ਰਗਟਾਵਾ ਵੀ ਕਰਦੀਆਂ ਹਨ।
ਇਸ ਦੌਰਾਨ ਬ੍ਰਮ ਸ਼ੰਕਰ ਜਿੰਪਾ ਨੇ ਲੰਗਰ ਕਮੇਟੀਆਂ ਨੂੰ ਸਫ਼ਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਜੋ ਸ਼ਰਧਾਲੂਆਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਭੋਜਨ ਮਿਲ ਸਕੇ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੰਗਰਾਂ ਦੀ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਸਾਰਿਆਂ ਤੋਂ ਸਹਿਯੋਗ ਦੀ ਆਸ ਕੀਤੀ ਜਾਂਦੀ ਹੈ। ਉਨ੍ਹਾਂ ਲੰਗਰ ਕਮੇਟੀਆਂ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲਗਨ ਅਤੇ ਸੇਵਾ ਭਾਵਨਾ ਸਦਕਾ ਹੀ ਮੇਲੇ ਦਾ ਆਯੋਜਨ ਸਫ਼ਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਰਕਾਰ ਵੱਲੋਂ ਵੀ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਭਾਈਚਾਰਕ ਸਾਂਝ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਸਰਕਾਰ ਇਸ ਲਈ ਹਮੇਸ਼ਾ ਤੱਤਪਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

About The Author

Leave a Reply

Your email address will not be published. Required fields are marked *