ਕੈਬਨਿਟ ਮੰਤਰੀ ਜਿੰਪਾ ਤੇ ਲੋਕ ਸਭਾ ਮੈਂਬਰ ਡਾ. ਚੱਬੇਵਾਲ ਨੇ ਜੇਜੋਂ ਚੋਅ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਕੀਤਾ ਦੁੱਖ ਸਾਂਝਾ

0

– ਲਾਪਤਾ ਲੋਕਾਂ ਦੀ ਤਲਾਸ਼ ਲਈ ਜੰਗੀ ਪੱਧਰ ’ਤੇ ਕੀਤਾ ਜਾ ਰਿਹੈ ਯਤਨ

ਹੁਸ਼ਿਆਰਪੁਰ, 12 ਅਗਸਤ 2024 : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਅਤੇ ਲੋਕ ਸਭਾ ਮੈਂਬਰ ਡਾ. ਰਾਜ  ਕੁਮਾਰ ਚੱਬੇਵਾਲ ਨੇ ਅੱਜ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਮੁਰਦਾਘਰ ਵਿਖੇ ਜੇਜੋਂ ਚੋਅ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ।ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਹਾਦਸੇ ’ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਇਹ ਘਟਨਾ ਬੇਹੱਦ ਦਰਦਨਾਕ ਹੈ ਅਤੇ ਅਸੀਂ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਾਂ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੁੱਖਦ ਹਾਦਸੇ ਵਿਚ ਇਕ ਇਨੋਵਾ ਗੱਡੀ, ਜਿਸ ਵਿਚ 12 ਲੋਕ ਸਵਾਰ ਸਨ, ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਈ। ਇਸ ਹਾਦਸੇ ਵਿਚ 9 ਲੋਕਾਂ ਦੀ ਦੁਖਦ ਮੌਤ ਹੋ ਗਈ, ਜਦਕਿ ਦੋ ਵਿਅਕਤੀ ਹਾਲੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੂੰ ਬਚਾਅ ਲਿਆ ਗਿਆ ਹੈ।

 

ਉਨ੍ਹਾਂ ਕਿਹਾ ਕਿ ਐਸ.ਡੀ.ਐਮ ਗੜ੍ਹਸ਼ੰਕਰ ਅਤੇ ਡੀ.ਐਸ.ਪੀ ਗੜ੍ਹਸ਼ੰਕਰ ਦੀ ਅਗਵਾਈ ਵਿਚ ਐਸ.ਡੀ.ਆਰ.ਐਫ ਅਤੇ ਆਸਪਾਸ ਦੇ ਪਿੰਡਾਂ ਦੀ ਟੀਮ ਬਣਾ ਕੇ ਲਾਪਤਾ ਦੋਵਾਂ ਵਿਅਕਤੀਆਂ ਨੂੰ ਲੱਭਿਆ ਜਾ ਰਿਹਾ ਹੈ ਅਤੇ ਪਿੰਡਾਂ ਵਿਚ ਮੁਨਿਆਦੀ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ  ਸਨਿੱਫਰ ਡੌਗ ਵੀ ਬੁਲਾ ਕੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰੰਤੂ ਹਾਲੇ ਵੀ ਲਾਪਤਾ ਲੋਕਾਂ ਦਾ ਪਤਾ ਨਹੀ ਲੱਗਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪੂਰੇ ਮਾਮਲੇ ਵਿਚ ਬਹੁਤ ਹੀ ਤੇਜ਼ੀ ਅਤੇ ਗੰਭੀਰਤਾ ਨਾਲ ਕੰਮ ਕੀਤਾ ਗਿਆ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਹੀ ਹਾਦਸੇ ਵਿਚ ਹਾਦਸੇ ਵਿਚ ਲਾਪਤਾ ਲੋਕਾਂ ਨੂੰ ਲੱਭ ਲਿਆ ਜਾਵੇਗਾ।

ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਵੀ ਇਸ ਦੁੱਖਦਾਈ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਸਰਕਾਰ ਇਸ ਮਾਮਲੇ ਵਿਚ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਹਾਦਸੇ ਵਿਚ ਲਾਪਤਾ ਵਿਅਕਤੀਆਂ ਦੀ ਭਾਲ ਲਈ ਹਰ ਸੰਭਵ ਯਤਨ ਕਰ ਰਹੇ ਹਾਂ। ਇਸ ਨਾਲ ਹੀ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣਗੇ। ਦੋਵਾਂ ਨੇਤਾਵਾਂ ਨੇ ਇਸ ਮੌਕੇ ਕਿਹਾ ਕਿ ਸਰਕਾਰ ਪ੍ਰਭਾਵਿਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰੇਗੀ ਅਤੇ ਖੇਤਰ ਵਿਚ ਸੁਰੱਖਿਆ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰੇਗੀ, ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਹੋ ਸਕਣ। ਇਸ ਮੌਕੇ ਐਸ. ਐਮ. ਓ ਡਾ. ਮਨਮੋਹਨ ਸਿੰਘ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *

error: Content is protected !!