ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਜਾਇਜ਼ਾ
– ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਿਲਾਂ ਤੋਂ ਬਚਾਉਣ ਲਈ ਨਗਰ ਨਿਗਮ ਨੂੰ ਪਾਣੀ ਦੀ ਤੁਰੰਤ ਨਿਕਾਸੀ ਦੀ ਹਦਾਇਤ
– ਕਿਹਾ ਕਿਸੇ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ
ਪਟਿਆਲਾ, 11 ਅਗਸਤ 2024 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਕੰਚਨ ਨੂੰ ਨਾਲ ਲੈਕੇ ਅੱਜ ਪਏ ਮੀਂਹ ਕਾਰਨ ਪੈਦਾ ਹੋਈ ਸਥਿਤੀ ਤੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ। ਡਾ. ਬਲਬੀਰ ਸਿੰਘ ਨੇ ਮਨਜੀਤ ਨਗਰ, ਰਣਜੀਤ ਨਗਰ, ਅਨੰਦ ਨਗਰ-ਏ ਅਤੇ ਬੀ, ਫੁਲਕੀਆਂ ਇਨਕਲੇਵ, ਤ੍ਰਿਪੜੀ, ਫੈਕਟਰੀ ਏਰੀਆ, ਡੀ.ਐਲ.ਐਫ. ਕਲੋਨੀ, ਕੋਹਿਨੂਰ ਇਨਕਲੇਵ, ਹੀਰਾ ਨਗਰ, ਵੱਡੀ ਨਦੀ ਅਤੇ ਹੋਰ ਇਲਾਕਿਆਂ ਦਾ ਦੌਰਾ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ।
ਸਿਹਤ ਮੰਤਰੀ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਰੋਡ ਗਲੀਆਂ ਮੁੜ ਤੋਂ ਸਾਫ਼ ਕਰਵਾਈਆ ਜਾਣ ਤਾਂ ਕਿ ਪਾਣੀ ਦੀ ਨਿਕਾਸੀ ‘ਚ ਕੋਈ ਰੁਕਾਵਟ ਨਾ ਪਵੇ। ਇਸ ਤੋਂ ਬਿਨ੍ਹਾਂ ਟਿਵਾਣਾ ਚੌਂਕ ਵਿਖੇ ਡਰੇਨ ‘ਚ ਪਾਣੀ ਦੀ ਨਿਕਾਸੀ ਸਮੇ ਬਾਕੀ ਦੀਆਂ ਡਰੇਨਾਂ ਵਿੱਚ ਵੀ ਪਾਣੀ ਬਿਨ੍ਹਾਂ ਕਿਸੇ ਰੁਕਾਵਟ ਤੋਂ ਪੈਣ ਦਿੱਤਾ ਜਾਵੇ। ਨੀਵੇਂ ਇਲਾਕਿਆਂ ਵਿੱਚੋਂ ਪਾਣੀ ਦੀ ਤੁਰੰਤ ਨਿਕਾਸੀ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਨਿਕਾਸੀ ਪ੍ਰਬੰਧਾਂ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗ਼ਲਤੀਆਂ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਇਸ ਗੱਲੋਂ ਪੂਰੀ ਤਰ੍ਹਾਂ ਗੰਭੀਰ ਹੈ ਕਿ ਪਿਛਲੀਆਂ ਖਾਮੀਆਂ ਦੂਰ ਕਰਕੇ ਸੁਚੱਜੇ ਪ੍ਰਬੰਧ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਹੜ੍ਹਾਂ ਵਰਗੀ ਕਿਸੇ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਫੁਲਕੀਆਂ ਇਨਕਲੇਵ ਅਤੇ ਹੋਰਨਾਂ ਪਾਣੀ ਖੜ੍ਹਨ ਵਾਲੇ ਇਲਾਕਿਆਂ ਵਿੱਚ ਨਵੀਆਂ ਪਾਇਪ ਲਾਈਨਾਂ ਪਾ ਕੇ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾ ਰਹੀ ਹੈ ਤੇ ਨਗਰ ਨਿਗਮ ਨੂੰ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਿਲਾਂ ਤੋਂ ਬਚਾਉਣ ਲਈ ਨਗਰ ਨਿਗਮ ਦੀਆਂ ਟੀਮਾਂ ਪੂਰੀ ਗੰਭੀਰਤਾ ਨਾਲ ਆਪਣੇ ਕੰਮ ਵਿੱਚ ਲੱਗੀਆਂ ਹੋਈਆਂ ਹਨ। ਇਸ ਮੌਕੇ ਕਰਨਲ ਜੇ.ਵੀ ਸਿੰਘ, ਜਸਬੀਰ ਸਿੰਘ ਗਾਂਧੀ, ਮੋਹਿਤ ਕੁਮਾਰ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਗੁਰਪ੍ਰੀਤ ਵਾਲੀਆ ਤੇ ਹੋਰ ਅਧਿਕਾਰੀ ਮੌਜੂਦ ਸਨ।