ਭਾਸ਼ਾ ਵਿਭਾਗ ਨੇ ਕਰਵਾਇਆ ਸਾਵਣ ਕਵੀ ਦਰਬਾਰ

0

– ਕਵਿੱਤਰੀਆਂ ਨੇ ਲਾਈ ਨਜ਼ਮਾਂ ਦੀ ਛਹਿਬਰ

ਪਟਿਆਲਾ 9 ਅਗਸਤ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ, ਉਚੇਰੀ ਸਿੱਖਿਆ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਇੱਥੇ ਮੁੱਖ ਦਫ਼ਤਰ ਵਿਖੇ ਤੀਆਂ ਦੇ ਤਿਉਹਾਰ ਨੂੰ ਸਮਰਪਿਤ ‘ਸਾਵਣ ਕਵੀ ਦਰਬਾਰ’ ਕਰਵਾਇਆ ਗਿਆ। ਜਿਸ ਵਿੱਚ ਨਾਮਵਰ ਤੇ ਉੱਭਰਦੀਆਂ ਕਵਿੱਤਰੀਆਂ ਨੇ ਆਪਣੀਆਂ ਨਜ਼ਮਾਂ ਰਾਹੀਂ ਰੰਗ ਬੰਨਿਆ। ਇਸ ਸਮਾਗਮ ’ਚ ਉੱਘੀ ਲੇਖਿਕਾ ਪ੍ਰੋ. ਮਨਜੀਤ ਇੰਦਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾ. ਅਰਤਿੰਦਰ ਕੌਰ ਸੰਧੂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਭਾਸ਼ਾ ਵਿਭਾਗ ਪੰਜਾਬ ਦੀ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ।

ਮੁੱਖ ਮਹਿਮਾਨ ਪ੍ਰੋ. ਮਨਜੀਤ ਇੰਦਰਾ ਨੇ ਇਸ ਮੌਕੇ ਕਿਹਾ ਕਿ ਭਾਸ਼ਾ ਵਿਭਾਗ ਸਿਰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਦਾ ਵੱਡਾ ਜਿੰਮਾ ਹੈ। ਜਿਸ ਤਹਿਤ ਇਸ ਵਿਭਾਗ ਨੇ ਸਮੇਂ-ਸਮੇਂ ਸਿਰ ਬੜੇ ਵੱਡਮੁੱਲੇ ਕਾਰਜ ਕੀਤੇ ਹਨ। ਜਿੰਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਡਿਜ਼ੀਟਲ ਯੁੱਗ ਵਿੱਚ ਪੰਜਾਬੀ ਸਾਹਿਤ ਦੇ ਪ੍ਰਚਾਰ ਪਸਾਰ ਲਈ ਭਾਸ਼ਾ ਵਿਭਾਗ ਨੂੰ ਹੋਰ ਹੰਭਲੇ ਮਾਰਨੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਆਪਣੀਆਂ ਨਜ਼ਮ ‘ਛਵੀਆਂ ਦੀ ਰੁੱਤ, ਗਿੱਧਿਆਂ ਦੀ ਟੁੱਟਗੀ ਤਾਲ ਤੇ ਰੁੱਸਣਾ ਜੇ ਚਾਹੇ ਚੰਨਾ..’ ਆਦਿ ਵੀ ਸੁਣਾਈਆਂ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਅਰਤਿੰਦਰ ਕੌਰ ਸੰਧੂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਸ਼ਾ ਵਿਭਾਗ ਵੱਲੋਂ ਸਾਵਣ ਕਵੀ ਦਰਬਾਰ ਰਾਹੀਂ ਕਵਿੱਤਰੀਆਂ ਨੂੰ ਢੁਕਵਾਂ ਸਤਿਕਾਰ ਦੇਣ ਦਾ ਉਪਰਾਲਾ ਕੀਤਾ ਗਿਆ ਹੈ।

ਇਸ ਮੌਕੇ ਉਨ੍ਹਾਂ ਆਪਣੀ ਕਵਿਤਾ ‘ਮੈਂ ਗਜ਼ਲ ਨਹੀਂ ਹਾਂ ਦੋਸਤੋ, ਨਜ਼ਮ ਹਾਂ..’ ਵੀ ਸੁਣਾਈ। ਅਖੀਰ ਵਿੱਚ ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਧੰਨਵਾਦੀ ਭਾਸ਼ਣ ’ਚ ਕਿਹਾ ਕਿ ਪੁਰਾਤਨ ਸਮੇਂ ’ਚ ਲੋਕ ਸਾਹਿਤ ਰਾਹੀਂ ਹੀ ਔਰਤਾਂ ਆਪਣੇ ਗਿਲੇ-ਸ਼ਿਕਵੇ ਤੇ ਚਾਵਾਂ ਦਾ ਪ੍ਰਗਟਾਵਾਂ ਕਰਦੀਆਂ ਸਨ। ਤੀਆਂ ਮੌਕੇ ਗਿੱਧੇ ’ਚ ਪਾਈਆਂ ਜਾਂਦੀਆਂ ਬੋਲੀਆਂ ਇਸ ਦੀ ਵੱਡੀ ਮਿਸਾਲ ਹਨ। ਅਜੋਕੇ ਦੌਰ ਵਿੱਚ ਔਰਤਾਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾਂ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਰਾਹੀਂ ਕਰਨ ਲੱਗ ਪਈਆਂ ਹਨ। ਸ. ਜ਼ਫ਼ਰ ਨੇ ਕਿਹਾ ਕਿ ਇਸ ਤੋਂ ਭਾਵ ਇਹ ਹੈ ਕਿ ਸਮੇਂ ਦੇ ਬਦਲਣ ਨਾਲ-ਨਾਲ ਮਨੁੱਖ ਦੁਆਰਾ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਅ ਕਰਨ ਦੇ ਤਰੀਕੇ ਵੀ ਬਚਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਅੱਜ ਦਾ ਕਵੀ ਦਰਬਾਰ ਨਿਰੋਲ ਔਰਤਾਂ ਨੂੰ ਸਮਰਪਿਤ ਸੀ। ਉਨ੍ਹਾਂ ਸਮਾਗਮ ਦੀ ਸਫਲਤਾ ਲਈ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ।

ਕਵੀ ਦਰਬਾਰ ਦੌਰਾਨ ਸੰਦੀਪ ਕੌਰ ਚੀਮਾ ਜਲੰਧਰ, ਮਨਿੰਦਰ ਕੌਰ ਬੱਸੀ, ਕਮਲ ਸੇਖੋਂ ਪਟਿਆਲਾ, ਜੋਗਿੰਦਰ ਨੂਰ ਮੀਤ ਲੁਧਿਆਣਾ, ਜਸਪ੍ਰੀਤ ਕੌਰ ਗਿੱਲ ਲੁਧਿਆਣਾ, ਰਾਜਿੰਦਰ ਮਾਵੀ ਰੂਪਨਗਰ, ਅਨੰਤ ਕੌਰ ਗਿੱਲ ਮੋਗਾ, ਕੁਲਵਿੰਦਰ ਕੌਰ ਚਾਵਲਾ ਪਟਿਆਲਾ, ਮਨਿੰਦਰ ਕੌਰ ਮਨ ਲੁਧਿਆਣਾ, ਰਾਜ ਕੌਰ ਮੋਹਾਲੀ, ਹਰਪ੍ਰੀਤ ਕੌਰ ਸੰਧੂ ਪਟਿਆਲਾ ਤੇ ਗੁਰਵੀਰ ਅਤਫ਼ ਸੰਗਰੂਰ ਨੇ ਆਪਣੀਆਂ ਨਜ਼ਮਾਂ ਨਾਲ ਰੰਗ ਬੰਨਿਆ। ਸਾਰੀਆਂ ਕਵਿੱਤਰੀਆਂ ਦਾ ਭਾਸ਼ਾ ਵਿਭਾਗ ਵੱਲੋਂ ਪੁਸਤਕਾਂ ਦੇ ਸੈੱਟ ਤੇ ਸ਼ਾਲ ਨਾਲ ਸਨਮਾਨ ਕੀਤਾ ਗਿਆ।ਇਸ ਮੌਕੇ ਡਿਪਟੀ ਡਾਇਰੈਕਟਰ ਚੰਦਨਦੀਪ ਕੌਰ ਤੇ ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ, ਅਮਰਿੰਦਰ ਸਿੰਘ, ਜਸਪ੍ਰੀਤ ਕੌਰ, ਸੁਰਿੰਦਰ ਕੌਰ ਤੇ ਵੱਡੀ ਗਿਣਤੀ ਵਿੱਚ ਸਾਹਿਤ ਰਸੀਏ ਹਾਜ਼ਰ ਸਨ।ਇਸ ਮੌਕੇ ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਤੇ ਅਵਨੀਤ ਕੌਰ ਨੇ ਕੀਤਾ।

About The Author

Leave a Reply

Your email address will not be published. Required fields are marked *

error: Content is protected !!