ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡ ਬਾਜੀਦਪੁਰ ਕੱਟਿਆਂ ਵਾਲੀ ਵਿਖੇ ਲੱਗਿਆ ਲੋਕ ਸੁਵਿਧਾ ਕੈਂਪ
– ਪੰਜਾਬ ਸਰਕਾਰ ਲੋਕਾਂ ਦੀਆਂ ਬਰੂਹਾਂ ਤੇ ਦੇ ਰਹੀ ਹੈ ਸਰਕਾਰੀ ਸੇਵਾਵਾਂ- ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ
– ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇੱਕ ਛੱਤ ਹੇਠਾਂ ਬੈਠ ਕੇ ਦੇ ਰਹੇ ਹਨ ਸਰਕਾਰੀ ਸੇਵਾਵਾਂ ਦਾ ਲੋਕਾਂ ਨੂੰ ਲਾਭ – ਡਿਪਟੀ ਕਮਿਸ਼ਨਰ
ਬੱਲੂਆਣਾ/ਫਾਜ਼ਿਲਕਾ 8 ਅਗਸਤ 2024 : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਆਪ ਦੀ ਸਰਕਾਰ ਆਪਦੇ ਦੁਆਰ ਪ੍ਰੋਗਰਾਮ ਤਹਿਤ ਬੱਲੂਆਣਾ ਹਲਕੇ ਦੇ ਪਿੰਡ ਬਾਜੀਦਪੁਰ ਕੱਟਿਆਂਵਾਲੀ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ ਗਿਆ। ਜਿਸ ਵਿੱਚ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਅਤੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਸਮੱਸਿਆ ਦੇ ਹੱਲ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ।
ਇਸ ਮੌਕੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਸਰਕਾਰੀ ਸੇਵਾਵਾਂ ਮੁਹਈਆ ਕਰਵਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਦਰਸ਼ੀ ਪ੍ਰਸ਼ਾਸਨ ਮੁਹਈਆ ਕਰਵਾਉਣ ਲਈ ਸਰਕਾਰ ਹਰ ਉਪਰਾਲਾ ਕਰ ਰਹੀ ਹੈ ਅਤੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਵਧੀਆ ਤਰੀਕੇ ਨਾਲ ਦੇਣ ਦੀਆਂ ਹਦਾਇਤਾਂ ਸਾਰੇ ਵਿਭਾਗਾਂ ਨੂੰ ਕੀਤੀਆਂ ਗਈਆਂ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਪਿੰਡ ਦਾ ਖੇਡ ਸਟੇਡੀਅਮ, ਪਾਰਕ, ਕਮਿਊਨਿਟੀ ਹਾਲ ਦਾ ਕੰਮ ਜਲਦ ਹੀ ਆਰੰਭਿਆ ਜਾ ਰਿਹਾ ਹੈ ਅਤੇ ਗਲੀਆਂ ਨਾਲੀਆਂ ਨੂੰ ਵੀ ਜਲਦ ਹੀ ਪੱਕਾ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਅੱਜ ਦੇ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗ ਜਿਵੇਂ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਖੇਤੀਬਾੜੀ ਵਿਭਾਗ, ਮਾਲ ਵਿਭਾਗ, ਰੁਜ਼ਗਾਰ ਵਿਭਾਗ, ਮੱਛੀ ਪਾਲਣ, ਮਗਨਰੇਗਾ, ਬਿਜਲੀ ਬੋਰਡ, ਕਿਰਤ ਵਿਭਾਗ, ਪਸ਼ੂ ਪਾਲਣ ਵਿਭਾਗ, ਸੇਵਾ ਕੇਂਦਰ ਅਤੇ ਕੋਆਪਰੇਟਿਵ ਬੈਂਕ ਸਮੇਤ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਸਟਾਲ ਲਗਾਏ ਗਏ ਹਨ, ਕੋਈ ਵੀ ਪਿੰਡ ਵਾਸੀ ਆਪਣੀ ਸ਼ਿਕਾਇਤ ਜਾਂ ਹੋਰ ਸਰਕਾਰੀ ਕੰਮ ਸਬੰਧਿਤ ਵਿਭਾਗ ਦੇ ਸਟਾਲ ਤੇ ਜਾ ਕੇ ਕਰਵਾ ਸਕਦਾ ਹੈ। ਉਹਨਾਂ ਪਿੰਡ ਵਾਸਿਆਂ ਨੂੰ ਕਿਹਾ ਕਿ ਉਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਪਿੰਡ ਨੂੰ ਸਾਫ ਸੁਥਰਾ ਹਰਿਆ ਭਰਿਆ ਅਤੇ ਨਸ਼ਿਆਂ ਮੁਕਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਐਸ ਡੀ ਐਮ ਸ੍ਰੀ ਵਿਪਨ ਭੰਡਾਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।