ਪਿਤਾ ਦੇ ਕਤਲ ਦੇ ਦੋਸ਼ੀ ਨੂੰ ਉਮਰ ਕੈਦ
ਫਾਜ਼ਿਲਕਾ 7 ਅਗਸਤ 2024 : ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਸਾਲ 2021 ਦੇ ਇੱਕ ਮਾਮਲੇ ਵਿੱਚ ਜਾਇਦਾਦ ਤੇ ਝਗੜੇ ਨੂੰ ਲੈ ਕੇ ਪਿਤਾ ਦਾ ਕਤਲ ਕਰਨ ਵਾਲੇ ਪੁੱਤਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਜਾਣਕਾਰੀ ਅਨੁਸਾਰ ਪ੍ਰਵੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਆਪਣੇ ਪਿਤਾ ਅਮਰ ਸਿੰਘ ਵਾਸੀ ਕਟੇਹੜਾ ਦਾ ਸਾਲ 2021 ਵਿੱਚ ਜਾਇਦਾਦ ਨੂੰ ਲੈ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਖੂਈ ਖੇੜਾ ਵਿਖੇ ਐਫਆਈਆਰ ਨੰਬਰ 62 ਮਿਤੀ 9 ਜੁਲਾਈ 2021 ਅਧੀਨ ਧਾਰਾ 302, 427, 506, 34 ਆਈਪੀਸੀ ਅਤੇ ਆਰਮਸ ਐਕਟ ਦੀ ਧਾਰਾ 27 ਦੇ ਤਹਿਤ ਪਰਚਾ ਦਰਜ ਹੋਇਆ ਸੀ । ਇਹ ਪਰਚਾ ਦੋਸ਼ੀ ਦੀ ਸਤੋਲੀ ਮਾਂ ਸਰੋਜ ਦੇਵੀ ਦੇ ਬਿਆਨਾਂ ਤੇ ਦਰਜ ਕੀਤਾ ਸੀ।
ਮਾਨਯੋਗ ਅਦਾਲਤ ਨੇ ਸੁਣਵਾਈ ਦੌਰਾਨ ਸਾਰੇ ਤੱਥਾਂ ਅਤੇ ਗਵਾਹਾਂ ਨੂੰ ਵਿਚਾਰਦਿਆਂ ਪ੍ਰਵੇਸ਼ ਕੁਮਾਰ ਨੂੰ ਦੋਸ਼ੀ ਪਾਇਆ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਕਤ ਨੂੰ ਧਾਰਾ 302 ਦੇ ਤਹਿਤ ਉਮਰ ਕੈਦ ਅਤੇ 50 ਹਜਾਰ ਰੁਪਏ ਦਾ ਜੁਰਮਾਨਾ ਲਗਾਉਣ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਤੇ ਇੱਕ ਸਾਲ ਵਾਧੂ ਸਜ਼ਾ ਭੁਗਤਣੀ ਪਵੇਗੀ। ਆਰਮਸ ਐਕਟ ਤਹਿਤ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ 10 ਹਜਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ । ਜੁਰਮਾਨਾ ਅਦਾ ਨਾ ਕਰਨ ਤੇ ਤਿੰਨ ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।