ਡਿਪਟੀ ਕਮਿਸ਼ਨਰ ਨੇ ਨਿਊ ਹਾਈ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਕੰਮਕਾਜ ਦੀ ਕੀਤੀ ਜਾਂਚ ਸ਼ੁਰੂ

0

– 3 ਮੈਂਬਰੀ ਜਾਂਚ ਕਮੇਟੀ ਦਾ ਗਠਨ

ਲੁਧਿਆਣਾ, 7 ਅਗਸਤ, 2024 : ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੇ ਦਖਲ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਨੇ ਸਥਾਨਕ ਨਿਊ ਹਾਈ ਸਕੂਲ ਦੀ ਪ੍ਰਬੰਧਕੀ ਕਮੇਟੀ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ।

ਡਿਪਟੀ ਕਮਿਸ਼ਨਰ ਦਫ਼ਤਰ ਨੇ 3 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿੱਚ ਉਪ ਮੰਡਲ ਮੈਜਿਸਟਰੇਟ, ਲੁਧਿਆਣਾ (ਪੂਰਬੀ) ਨੂੰ ਚੇਅਰਪਰਸਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ), ਲੁਧਿਆਣਾ ਅਤੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਲੁਧਿਆਣਾ ਨੂੰ ਮੈਂਬਰ ਬਣਾਇਆ ਗਿਆ ਹੈ। ਜਾਂਚ ਕਮੇਟੀ ਨੂੰ 10 ਦਿਨਾਂ ਅੰਦਰ ਮੁਕੰਮਲ ਰਿਪੋਰਟ ਡੀਸੀ ਦਫ਼ਤਰ ਨੂੰ ਸੌਂਪਣ ਲਈ ਕਿਹਾ ਗਿਆ ਹੈ।

ਅਰੋੜਾ ਨੇ 1 ਅਗਸਤ, 2024 ਨੂੰ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਇਹ  ਨਿਊ ਹਾਈ ਸਕੂਲ ਅਲੂਮਨੀ ਐਸੋਸੀਏਸ਼ਨ, ਜਿਸ ਨੂੰ ਰਾਕੇਸ਼ ਭਾਰਤੀ ਮਿੱਤਲ (ਏਅਰਟੈੱਲ ਗਰੁੱਪ) ਅਤੇ ਓਂਕਾਰ ਸਿੰਘ ਪਾਹਵਾ (ਏਵਨ ਸਾਈਕਲਜ਼ ਗਰੁੱਪ) ਵਰਗੇ ਸਤਿਕਾਰਯੋਗ ਮੈਂਬਰਾਂ ਦਾ ਸਮਰਥਨ ਹਾਸਲ ਹੈ, ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਨਿਊ ਹਾਈ ਸਕੂਲ (ਸਿਵਲ ਲਾਈਨਜ਼ ਅਤੇ ਸਰਾਭਾ ਨਗਰ, ਲੁਧਿਆਣਾ), ਜੋ ਕਿ ਕਿਸੇ ਸਮੇਂ ਪੰਜਾਬ ਦੀ ਪ੍ਰਮੁੱਖ ਸੰਸਥਾ ਸੀ, ਸੁਨੀਲ ਦੱਤ ਮੜੀਆ ਦੀ ਅਗਵਾਈ ਵਾਲੀ ਮੌਜੂਦਾ ਪ੍ਰਬੰਧਕੀ ਕਮੇਟੀ ਦੇ ਅਧੀਨ ਵੱਕਾਰ ਅਤੇ ਕਾਰਜਸ਼ੀਲਤਾ ਵਿੱਚ ਕਾਫ਼ੀ ਗਿਰਾਵਟ ਆਈ ਹੈ। ਅਜਿਹੇ ਗੰਭੀਰ ਦੋਸ਼ ਹਨ ਕਿ ਕਮੇਟੀ ਨਿੱਜੀ ਵਪਾਰਕ ਲਾਭ ਲਈ ਸਕੂਲ ਦੀਆਂ ਜਾਇਦਾਦਾਂ ਦੀ ਦੁਰਵਰਤੋਂ ਕਰ ਰਹੀ ਹੈ, ਜਿਸ ਨਾਲ ਸਕੂਲ ਦੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮੁੱਢਲੇ ਉਦੇਸ਼ ‘ਤੇ ਮਾੜਾ ਅਸਰ ਪੈ ਰਿਹਾ ਹੈ।

ਡਿਪਟੀ ਕਮਿਸ਼ਨਰ ਨੂੰ ਲਿਖੇ ਆਪਣੇ ਪੱਤਰ ਵਿੱਚ ਅਰੋੜਾ ਨੇ ਅੱਗੇ ਦੱਸਿਆ ਕਿ ਨਿਊ ਹਾਈ ਸਕੂਲ ਅਲੂਮਨੀ ਐਸੋਸੀਏਸ਼ਨ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਸਕੂਲ ਸੁਸਾਇਟੀ ਦੇ ਮਾਮਲਿਆਂ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਗਠਿਤ ਕਰਨ ਦੀ ਬੇਨਤੀ ਕੀਤੀ।  ਐਸਆਈਟੀ ਨੂੰ 1997-98 ਤੋਂ ਲੈ ਕੇ ਹੁਣ ਤੱਕ ਦੀ ਪ੍ਰਬੰਧਕੀ ਕਮੇਟੀ ਦੀਆਂ ਕਾਰਵਾਈਆਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਜਾਣਾ ਚਾਹੀਦਾ ਹੈ ਅਤੇ ਇਹ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਕੀ ਸਕੂਲ ਦੀ ਜਾਇਦਾਦ ਦਾ ਕੋਈ ਮਿਸਕੰਡਕਟ ਜਾਂ ਦੁਰਵਰਤੋਂ ਹੋਈ ਹੈ। ਇਸ ਜਾਂਚ ਦੇ ਨਤੀਜੇ ਇਹ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੋਣਗੇ ਕਿ ਸਕੂਲ ਆਪਣੇ ਵਿਦਿਅਕ ਉਦੇਸ਼ ਨੂੰ ਪੂਰਾ ਕਰ ਸਕੇ ਅਤੇ ਆਪਣੀ ਵੱਕਾਰੀ ਵਿਰਾਸਤ ਨੂੰ ਕਾਇਮ ਰੱਖ ਸਕੇ।

ਅਰੋੜਾ ਨੇ ਆਪਣੇ ਪੱਤਰ ਦੇ ਨਾਲ ਡਿਪਟੀ ਕਮਿਸ਼ਨਰ ਨੂੰ ਨਿਊ ਹਾਈ ਸਕੂਲ ਅਲੂਮਨੀ ਐਸੋਸੀਏਸ਼ਨ ਦੀ ਲਿਖਤੀ ਸ਼ਿਕਾਇਤ ਵੀ ਭੇਜੀ ਸੀ।

ਨਿਊ ਹਾਈ ਸਕੂਲ ਅਲੂਮਨੀ ਐਸੋਸੀਏਸ਼ਨ ਨੇ ਐਮਪੀ ਸੰਜੀਵ ਅਰੋੜਾ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 1938 ਤੋਂ ਲੈ ਕੇ 90 ਦੇ ਦਹਾਕੇ ਤੱਕ ਸਿਵਲ ਲਾਈਨਜ਼ ਅਤੇ ਸਰਾਭਾ ਨਗਰ ਲੁਧਿਆਣਾ ਵਿੱਚ ਸਥਿਤ ਸਕੂਲ ਸਭ ਤੋਂ ਵੱਧ ਮੰਗੇ ਵਾਲੇ ਸਕੂਲ ਸਨ, ਜੋ ਕਿ ਇੱਕ ਬਹੁਤ ਹੀ ਯੋਗ ਪ੍ਰਬੰਧਕੀ ਕਮੇਟੀ ਅਧੀਨ ਚੱਲ ਰਹੇ ਸਨ। ਦੋਵੇਂ ਸਕੂਲਾਂ ਨੇ ਆਪਣੀ ਮੈਨਜਮੈਂਟ ਦੀ ਅਗਵਾਈ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ। ਸਕੂਲਾਂ ਦੀ ਹਾਲਤ ਅਜਿਹੀ ਸੀ ਕਿ ਇੱਥੇ ਦਾਖ਼ਲਾ ਮਿਲਣਾ ਵੱਡੀ ਪ੍ਰਾਪਤੀ ਸਮਝਿਆ ਜਾਂਦਾ ਸੀ। ਲੁਧਿਆਣਾ ਅਤੇ ਲੁਧਿਆਣਾ ਤੋਂ ਬਾਹਰ ਦੇ ਚੋਟੀ ਦੇ ਕਾਰੋਬਾਰੀ, ਅਧਿਕਾਰੀ ਅਤੇ ਸਿੱਖਿਆ ਸ਼ਾਸਤਰੀ ਸਕੂਲਾਂ ਦੇ ਉਤਪਾਦ ਹਨ।

ਜਦੋਂ ਤੋਂ ਸੁਨੀਲ ਦੱਤ ਮੜੀਆ ਪ੍ਰਧਾਨ ਬਣੇ, ਦੋਵੇਂ ਸਕੂਲਾਂ ਵਿੱਚ ਨਿਘਾਰ ਆਉਣ ਲੱਗ ਪਿਆ ਅਤੇ ਅੱਜ ਦੋਵੇਂ ਸਕੂਲ ਪੂਰੀ ਤਰ੍ਹਾਂ ਨਾਕਾਮ ਮੈਨੇਜਮੈਂਟ ਕਮੇਟੀ ਕਾਰਨ ਲਗਭਗ “ਡੀਫੰਕਟ” ਹੋ ਗਏ ਹਨ। ਉਹ ਸਿੱਖਿਆ ਪ੍ਰਦਾਨ ਕਰਨ ਲਈ ਸਕੂਲਾਂ ਦਾ ਵਿਕਾਸ ਕਰਨ ਦੀ ਬਜਾਏ ਵਪਾਰਕ ਹਿੱਤਾਂ ਨਾਲ ਸਕੂਲਾਂ ਦੀਆਂ ਜਾਇਦਾਦਾਂ ਨੂੰ ਨਿੱਜੀ ਜਾਇਦਾਦ ਵਜੋਂ ਵਰਤ ਰਹੇ ਹਨ। ਸਮਾਪਤੀ ਕਰਦਿਆਂ ਅਲੂਮਨੀ ਐਸੋਸੀਏਸ਼ਨ ਨੇ ਸਕੂਲ ਸੁਸਾਇਟੀ ਦੇ ਮਾਮਲਿਆਂ ਦੀ ਜਾਂਚ ਕਰਵਾਉਣ ਅਤੇ ਸਕੂਲਾਂ ਦੀ ਪੁਰਾਣੀ ਸ਼ਾਨ ਬਹਾਲ ਕਰਨ ਦੀ ਮੰਗ ਕੀਤੀ।

About The Author

Leave a Reply

Your email address will not be published. Required fields are marked *

error: Content is protected !!