ਪੜ੍ਹੇ ਲਿਖੇ ਬੇਰੋਜ਼ਗਾਰਾਂ ਨੂੰ ਵੱਧ ਤੋਂ ਵੱਧ ਕਰਜ਼ਾ ਦੇ ਕੇ ਮਜ਼ਬੂਤ ਬਨਾਉਣ ਬੈਂਕ : ਏ.ਡੀ.ਸੀ.

0
ਹੁਸ਼ਿਆਰਪੁਰ, 25 ਅਗਸਤ 2021 : ਬੈਂਕ ਵੱਖ-ਵੱਖ ਕਰਜ਼ਾ ਯੋਜਨਾਵਾਂ ਰਾਹੀਂ ਨੌਜਵਾਨਾਂ ਨੂੰ ਮਜ਼ਬੂਤ ਬਨਾਉਣ ਲਈ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਰਜ਼ਾ ਪ੍ਰਦਾਨ ਕਰਨ ਤਾਂ ਜੋ ਉਹ ਮਜ਼ਬੂਤ ਹੋ ਸਕਣ। ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਦੇ ਲੀਡ ਬੈਂਕ ਵਲੋਂ ਜ਼ਿਲ੍ਹੇ ਦੇ ਬੈਂਕਾਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰੱਖੇ।
ਇਸ ਦੌਰਾਨ ਉਨ੍ਹਾਂ ਬੈਂਕਾਂ ਨੂੰ ਸੀ.ਡੀ. ਰੇਸ਼ੋ ਵਧਾਉਣ ਦੀ ਜ਼ਰੂਰਤ ਦੇ ਸਬੰਧ ਵਿਚ ਨਿਰਦੇਸ਼ ਦਿੰਦੇ ਹੋਏ ਬੈਂਕਾਂ ਨੂੰ ਇਸ ਦਿਸ਼ਾ ਵੱਲ ਧਿਆਨ ਦੇਣ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਲੋਕ ਖਾਸ ਕਰਕੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨ ਅਤੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕ ਕਰਜ਼ਾ ਪ੍ਰਾਪਤ ਕਰਕੇ ਆਰਥਿਕ ਧੰਦੇ ਸ਼ੁਰੂ ਕਰਕੇ ਜੀਵਨ ਪੱਧਰ ਨੂੰ ਉਚਾ ਚੁੱਕ ਸਕਣ।
                     
ਏ.ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੁਆਰਾ ਕਰਜ਼ਾ ਯੋਜਨਾ ਸਾਲ 2021-22 ਤਹਿਤ ਜੂਨ 2021 ਤੱਕ ਕੁੱਲ 2125.60 ਕਰੋੜ ਰੁਪਏ ਕਰਜ਼ੇ ਦੇ ਤੌਰ ’ਤੇ ਦਿੱਤੇ ਗਏ ਜਦਕਿ ਟੀਚਾ 2379.75 ਕਰੋੜ ਰੁਪਏ ਦਾ ਸੀ। ਇਸ ਵਿਚ ਪ੍ਰਾਥਮਿਕਤਾ ਸੈਕਟਰ ਨੂੰ 1887.03 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਜਦਕਿ ਗੈਰ ਪ੍ਰਾਥਮਿਕਤਾ ਖੇਤਰ ਵਿਚ 338.57 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ। ਪ੍ਰਾਥਮਿਕਤਾ ਖੇਤਰ ਵਿਚ 1115.66 ਕਰੋੜ ਰੁਪਏ ਖੇਤੀਬਾੜੀ ਲਈ, 527.44 ਕਰੋੜ ਰੁਪਏ ਗੈਰ ਖੇਤੀਬਾੜੀ ਖੇਤਰ ਲਈ ਅਤੇ 143.93 ਕਰੋੜ ਰੁਪਏ ਹੋਰ ਪ੍ਰਾਥਮਿਕਤਾ ਖੇਤਰ ਨੂੰ ਕਰਜ਼ੇ ਦੇ ਤੌਰ ’ਤੇ ਦਿੱਤੇ ਗਏ।
ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਵੱਧ ਤੋਂ ਵੱਧ ਸਵੈ ਸਹਾਇਤਾ ਗਰੁੱਪਾਂ ਨੂੰ ਕਰਜ਼ਾ ਪ੍ਰਦਾਨ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਬੈਂਕਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਖੇਤੀ ਤੇ ਲਘੂ ਉਦਯੋਗ, ਸੇਵਾ ਖੇਤਰ, ਸਰਕਾਰੀ ਪ੍ਰੋਗਰਾਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ, ਰਾਸ਼ਟਰੀ ਸ਼ਹਿਰੀ ਅਜੀਵਿਕਾ ਮਿਸ਼ਨ, ਡੇਅਰੀ ਟਾਈ-ਅਪ ਯੋਜਨਾ ਤਹਿਤ ਕਰਜ਼ੇ ਦੇਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਵੀ ਕਿਹਾ।
ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਡੀ.ਆਰ.ਆਈ. ਸਕੀਮ ਵਿਚ ਵੱਧ ਤੋਂ ਵੱਧ ਗਰੀਬ ਲੋਕਾਂ ਨੂੰ ਕਰਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ ਅਤੇ ਉਨ੍ਹਾਂ ਦਾ ਜੀਵਨ ਪੱਧਰ ਉਚਾ ਹੋ ਸਕੇ। ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਗਰੀਬ ਲੋਕਾਂ ਦਾ ਬੀਮਾ ਕੀਤਾ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਕਲ ਹੈਡ ਪੰਜਾਬ ਨੈਸ਼ਨਲ ਬੈਂਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬੈਂਕਾਂ ਵਿਚ ਜਮ੍ਹਾਂ ਰਾਸ਼ੀਆਂ ਜੋ ਕਿ ਜੂਨ 2020 ਵਿਚ 32492.79 ਕਰੋੜ ਰੁਪਏ ਸਨ, ਜੂਨ 2021 ਵਿਚ ਵੱਧ ਕੇ 35587.65 ਕਰੋੜ ਰੁਪਏ ਹੋ ਗਈ। ਇਸੇ ਤਰ੍ਹਾਂ ਬੈਂਕ  ਵਲੋਂ ਦਿੱਤੇ ਗਏ ਕੁਲ ਕਰਜੇ ਦੀ ਰਕਮ ਜੋ ਕਿ ਜੂਨ 2020 ਵਿਚ 1819.81 ਕਰੋੜ ਰੁਪਏ ਸੀ, ਜੂਨ 2021 ਵਿਚ ਵੱਧ ਕੇ 8900.60 ਕਰੋੜ ਰੁਪਏ ਹੋ ਗਈ।
ਲੀਡ ਜ਼ਿਲ੍ਹਾ ਮੈਨੇਜਰ ਰਾਮ ਕ੍ਰਿਸ਼ਨ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੈਂਕਾਂ ਵਿਚ ਜੂਨ 2021 ਵਿਚ 4656 ਕਿਸਾਨਾਂ ਨੂੰ 104.96 ਕਰੋੜ ਰੁਪਏ ਦੇ ਕਿਸਾਨ ਕਾਰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਉਦਮੀਆਂ ਨੂੰ ਵੱਧ ਤੋਂ ਵੱਧ ਕਰਜ਼ਾ ਦੇਣ ਤਾਂ ਜੋ ਜ਼ਿਲ੍ਹੇ ਵਿਚ ਨਵੇਂ ਉਦਯੋਗ ਧੰਦੇ ਲਗ ਸਕਣ ਅਤੇ ਲੋਕਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲ ਸਕਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਬੈਂਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

About The Author

Leave a Reply

Your email address will not be published. Required fields are marked *

You may have missed