‘ਆਪ’ ਸੰਸਦ ਮਲਵਿੰਦਰ ਕੰਗ ਨੇ ਸੰਸਦ ‘ਚ ਉਠਾਏ ਸਿੱਖਿਆ ਨਾਲ ਜੁੜੇ ਅਹਿਮ ਮੁੱਦੇ

0

– ਸਰਕਾਰ ਪੰਜਾਬ ਯੂਨੀਵਰਸਿਟੀ ਵਰਗੀ ਸੰਸਥਾਵਾਂ ਨੂੰ ਵਿਸ਼ੇਸ਼ ਗਰਾਂਟਾਂ ਦੇਵੇ, ਪੀਯੂ ਦੇ ਵਿਦਿਆਰਥੀ ਹਰ ਖੇਤਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ : ਮਲਵਿੰਦਰ ਕੰਗ

– ਕੰਗ ਨੇ ਪੰਜਾਬ ਦੇ ਬਕਾਇਆ ਫ਼ੰਡ, ਵਿਸ਼ੇਸ਼ ਤੌਰ ‘ਤੇ ਪੀਐਮ ਸ਼੍ਰੀ ਅਤੇ ਮਿਡ-ਡੇ-ਮੀਲ ਫ਼ੰਡ ਜਾਰੀ ਕਰਨ ਦੀ ਮੰਗ ਕੀਤੀ

– ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਵਾਂਗ ਕੇਂਦਰ ਸਰਕਾਰ ਨੂੰ ਵੀ ਉੱਚ ਸਿੱਖਿਆ ਦੇ ਵਿਦਿਆਰਥੀਆਂ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵਿਸ਼ੇਸ਼ ਸਕੀਮਾਂ ਲਿਆਉਣੀਆਂ ਚਾਹੀਦੀਆਂ ਹਨ: ਕੰਗ

– ਸਾਡੇ ਦੇਸ਼ ਦੇ ਹਰ ਸਕੂਲ ਵਿਚ ਸਿੱਖ ਗੁਰੂਆਂ ਅਤੇ ਪੰਜਾਬੀ ਆਜ਼ਾਦੀ ਘੁਲਾਟੀਆਂ ਦਾ ਇਤਿਹਾਸ ਪੜ੍ਹਾਇਆ ਜਾਣਾ ਚਾਹੀਦਾ ਹੈ : ਕੰਗ

ਨਵੀਂ ਦਿੱਲੀ/ਚੰਡੀਗੜ੍ਹ, 1 ਅਗਸਤ 2024 : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸਿੱਖਿਆ ਦੇ ਖੇਤਰ ਨਾਲ ਸਬੰਧਿਤ ਅਹਿਮ ਮੁੱਦੇ ਸੰਸਦ ਵਿੱਚ ਉਠਾਏ। ਕੰਗ ਨੇ ਕਿਹਾ ਕਿ ਸਾਡੇ ਦੇਸ਼ ਦੇ ਹਰ ਸਕੂਲ ਵਿੱਚ ਸਿੱਖ ਗੁਰੂਆਂ ਅਤੇ ਪੰਜਾਬੀ ਆਜ਼ਾਦੀ ਘੁਲਾਟੀਆਂ ਦਾ ਇਤਿਹਾਸ ਪੜ੍ਹਾਇਆ ਜਾਣਾ ਚਾਹੀਦਾ ਹੈ। ਇਤਿਹਾਸਕ ਲੋਕ ਸਭਾ ਸੀਟ ਸ੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨ ਵਾਲੇ ਕੰਗ ਨੇ ਕਿਹਾ ਕਿ ਅਸੀਂ ਸਕੂਲ ਵਿੱਚ ਬਾਬਰ ਦਾ ਇਤਿਹਾਸ ਪੜ੍ਹਾਉਂਦੇ ਹਾਂ ਪਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਿਉਂ ਨਹੀਂ ਪੜ੍ਹਾ ਰਹੇ, ਜਿਨ੍ਹਾਂ ਨੇ ਬਾਬਰ ਨੂੰ ਉਸ ਦੀ ਵੱਡੀ ਫ਼ੌਜ ਤੋਂ ਡਰੇ ਬਿਨਾਂ ਜ਼ਾਲਮ ਕਿਹਾ ਸੀ।

ਵੀਰਵਾਰ ਨੂੰ ਸੰਸਦ ਵਿੱਚ ਆਪਣੇ ਸੰਬੋਧਨ ਦੌਰਾਨ ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਨੂੰ ਉੱਚਾ ਚੁੱਕਣਾ ਚਾਹੀਦਾ ਹੈ ਅਤੇ ਵਿਸ਼ੇਸ਼ ਗਰਾਂਟ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੈਰਿਸ ਓਲੰਪਿਕ ਦੇ ਦੋਵੇਂ ਤਗਮਾ ਜੇਤੂ ਮਨੂ ਭਾਕਰ ਅਤੇ ਸਰਬਜੋਤ ਸਿੰਘ ਪੀਯੂ ਦੇ ਸਾਬਕਾ ਵਿਦਿਆਰਥੀ ਹਨ। ਇਸ ਸੰਸਥਾ ਨੇ ਸਾਡੀ ਕੌਮ ਨੂੰ ਕਈ ਉੱਘੇ ਆਗੂ ਦਿੱਤੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਇਸ ਸੰਸਥਾ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਵਿਸ਼ੇਸ਼ ਗਰਾਂਟ ਦੇਣੀ ਚਾਹੀਦੀ ਹੈ।

ਬਕਾਇਆ ਫੰਡਾਂ ਦਾ ਮੁੱਦਾ ਉਠਾਉਂਦਿਆਂ ‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਸਰਕਾਰ ਨੂੰ ਪੰਜਾਬ ਦੇ ਬਕਾਇਆ ਫ਼ੰਡ ਬਿਨਾਂ ਕਿਸੇ ਦੇਰੀ ਦੇ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਪੀਐਮ ਸ਼੍ਰੀ ਸਕੀਮ (ਪੀਐਮ ਸਕੂਲਜ਼ ਫਾਰ ਰਾਈਜ਼ਿੰਗ ਇੰਡੀਆ) ਅਤੇ ਮਿਡ-ਡੇ-ਮੀਲ ਫੰਡਾਂ ਨਾਲ ਸਬੰਧਿਤ ਫ਼ੰਡ ਤੁਰੰਤ ਜਾਰੀ ਕਰਨੇ ਚਾਹੀਦੇ ਹਨ। ਕੰਗ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿੱਚ ਦੂਜੇ ਨੰਬਰ ‘ਤੇ ਹੈ, ਪਰ ਉੱਚ ਸਿੱਖਿਆ ਵਿੱਚ ਅਸੀਂ ਵਿਸ਼ਵ ਵਿੱਚ 33ਵੇਂ ਸਥਾਨ ‘ਤੇ ਹਾਂ। 79% ਵਿਦਿਆਰਥੀ ਅੰਡਰਗਰੈਜੂਏਟ ਸੰਸਥਾਵਾਂ ਵਿੱਚ ਜਾਂਦੇ ਹਨ, ਪਰ ਸਿਰਫ਼ 12% ਹੀ ਪੋਸਟ ਗ੍ਰੈਜੂਏਟ ਸੰਸਥਾਵਾਂ ਵਿੱਚ ਜਾਂਦੇ ਹਨ ਅਤੇ ਸਿਰਫ਼ 0.5-0.6% ਹੀ ਪੀ.ਐਚ.ਡੀ. ਕਰਦੇ ਹਨ। ਕੰਗ ਨੇ ਕਿਹਾ ਕਿ ਸਰਕਾਰ ਨੂੰ ਉੱਚ ਸਿੱਖਿਆ ਸੰਸਥਾਵਾਂ ਅਤੇ ਉੱਥੇ ਸਹੂਲਤਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦਾ ਮੁੱਦਾ ਵੀ ਉਠਾਇਆ ਅਤੇ ਸੁਝਾਅ ਦਿੱਤਾ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ ਵਿਦਿਆਰਥੀਆਂ ਲਈ ਵਿਸ਼ੇਸ਼ ਸਕੀਮਾਂ ਲਿਆਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੀ ‘ਆਪ’ਸਰਕਾਰ ਵਾਂਗ ਮੋਦੀ ਸਰਕਾਰ ਨੂੰ ਉਨ੍ਹਾਂ ਦੇ ਖ਼ਰਚੇ ਚੁੱਕਣੇ ਚਾਹੀਦੇ ਹਨ।

ਕੰਗ ਨੇ ਆਖ਼ਰੀ ਵਿੱਚ ਇਹ ਵੀ ਮੰਗ ਕੀਤੀ ਕਿ ਸਕੂਲਾਂ ਵਿੱਚ ਸਿੱਖ ਗੁਰੂਆਂ ਅਤੇ ਆਜ਼ਾਦੀ ਘੁਲਾਟੀਆਂ ਦਾ ਇਤਿਹਾਸ ਲਾਜ਼ਮੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਵਿੱਚ ਹਮਲਾਵਰਾਂ ਦਾ ਇਤਿਹਾਸ ਤਾਂ ਪੜ੍ਹਾ ਰਹੇ ਹਾਂ ਪਰ ਉਨ੍ਹਾਂ ਹਮਲਾਵਰਾਂ ਵਿਰੁੱਧ ਡਟਣ ਅਤੇ ਲੜਨ ਵਾਲਿਆਂ ਦਾ ਇਤਿਹਾਸ ਨਹੀਂ ਪੜ੍ਹਾ ਰਹੇ।

About The Author

Leave a Reply

Your email address will not be published. Required fields are marked *

error: Content is protected !!