ਅਬੋਹਰ ਦੀ ਅਤਿ ਆਧੁਨਿਕ ਤਕਨੀਕ ਨਾਲ ਲੈੱਸ ਲਾਈਬਰੇਰੀ ਬਣੀ ਨੌਜਵਾਨਾਂ ਲਈ ਖਿੱਚ ਦਾ ਕੇਂਦਰ – ਡਾ. ਸੇਨੂ ਦੁੱਗਲ
– ਨੌਜਵਾਨ ਰਣਦੀਪ ਸਿੰਘ, ਰਮਨੀਕ ਬਰਾੜ, ਅਮਿਤ ਅਤੇ ਪ੍ਰੀਸਦੀਪ ਔਲਖ ਅਬੋਹਰ ਦੀ ਲਾਇਬ੍ਰੇਰੀ ਤੋਂ ਹੋਏ ਪ੍ਰਭਾਵਿਤ
ਅਬੋਹਰ/ਫਾਜ਼ਿਲਕਾ 1 ਅਗਸਤ 2024 : ਅਬੋਹਰ ਵਿੱਚ ਅਤਿ ਆਧੁਨਿਕ ਤਕਨੀਕ ਨਾਲ ਲੈਸ ਲਾਈਬ੍ਰੇਰੀ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਲਾਈਬ੍ਰੇਰੀ ਵਿੱਚ ਨੌਜਵਾਨ ਜਿਥੇ ਉੱਚ ਇਮਤਿਹਾਨਾਂ ਦੀ ਤਿਆਰੀ ਕਰਕੇ ਆਪਣਾ ਭਵਿੱਖ ਉਜਵਲ ਕਰ ਰਹੇ ਹਨ ਉੱਥੇ ਹੀ ਵੱਖ ਵੱਖ ਵਿਸ਼ਿਆਂ ਦੀਆਂ ਕਿਤਾਬਾਂ ਅਤੇ ਅਤੇ ਅਖਬਾਰਾਂ ਪੜ੍ਹ ਕੇ ਆਪਣੇ ਗਿਆਨ ਵਿੱਚ ਵੀ ਵਾਧਾ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਵਾਲੀ ਪੰਜਾਬ ਸਰਕਾਰ ਵੱਲੋਂ ਅਬੋਹਰ ਸ਼ਹਿਰ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ ਵਿੱਚ ਜਿਥੇ ਅਥਾਹ ਗਿਆਨ ਦਾ ਭੰਡਾਰ ਕਿਤਾਬਾਂ ਉਪਲਬੱਧ ਹਨ ਉਥੇ ਇੰਟਰਨੈਟ ਦੀ ਸੁਵਿਧਾ ਵੀ ਉਪਲਬੱਧ ਹੈ। ਲਾਇਬ੍ਰਰੀ ਸੀ.ਸੀ.ਟੀ.ਵੀ. ਕੈਮਰੇ ਅਤੇ ਏ.ਸੀ. ਨਾਲ ਭਰਪੂਰ ਲੈਸ ਹੈ। ਲਾਇਬ੍ਰੇਰੀ ਨੂੰ ਯੋਜਨਾਬਧ ਤਰੀਕੇ ਨਾਲ ਚਲਾਉਣ ਲਈ ਇਕ ਲਾਇਬ੍ਰੇਰੀਅਨ ਵੀ ਲਗਾਇਆ ਗਿਆ ਹੈ।
ਅਬੋਹਰ ਦੇ ਨੌਜਵਾਨ ਰਣਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਇੱਕ ਬਹੁਤ ਵਧੀਆ ਪਹਿਲ ਕਦਮੀ ਹੈ। ਇਸ ਲਾਈਬਰੇਰੀ ਦੇ ਖੁੱਲਣ ਨਾਲ ਨਾ ਕੇਵਲ ਅਬੋਹਰ ਸ਼ਹਿਰ ਨੂੰ ਹੀ ਬਲਕਿ ਆਸ ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਵੀ ਇੱਕ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੈ। ਉਹਨਾਂ ਕਿਹਾ ਕਿ ਸਿੱਖਿਆ ਪੱਖੋਂ ਅਬੋਹਰ ਸ਼ਹਿਰ ਨੂੰ ਪੰਜਾਬ ਸਰਕਾਰ ਦੀ ਇਹ ਬਹੁਤ ਵਧੀਆ ਦੇਣ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੁਣ ਪਿਛਲੇ ਦੋ ਮਹੀਨਿਆਂ ਤੋਂ ਇਸ ਲਾਈਬ੍ਰੇਰੀ ਵਿੱਚ ਉੱਚ ਇਮਤਿਹਾਨ ਦੀ ਤਿਆਰੀ ਕਰਨ ਲਈ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਕਿਤਾਬਾਂ ਤੋਂ ਗਿਆਨ ਹਾਸਲ ਕਰ ਰਿਹਾ ਹੈ ।
ਨੌਜਵਾਨ ਰਮਨੀਕ ਬਰਾੜ, ਅਮਿਤ ਅਤੇ ਪ੍ਰੀਸਦੀਪ ਔਲਖ ਆਖਦੇ ਹਨ ਕਿ ਇਸ ਆਧੁਨਿਕ ਲਾਈਬ੍ਰੇਰੀ ਵਿੱਚ ਯੂਪੀਐਸਸੀ ਤੇ ਸੀਬੀਐਸਈ ਤੇ ਹੋਰ ਵੱਖ ਵਿਸ਼ਿਆਂ ਨਾਲ ਸੰਬੰਧਿਤ ਹੋਰ ਇਮਤਿਹਾਨ ਦੀ ਪੜ੍ਹਾਈ ਕਰਨ ਲਈ ਨਵੇਂ ਅਡੀਸ਼ਨ ਦੀਆਂ ਕਿਤਾਬਾਂ ਵੀ ਮੌਜੂਦ ਹਨ। ਇਸ ਤੋਂ ਇਲਾਵਾ ਲਾਇਬ੍ਰੇਰੀ ਵਿੱਚ ਕੁਰਸੀਆਂ, ਮੇਜ਼, ਟੇਬਲ, ਕੰਪਿਊਟਰਾਂ ਅਤੇ ਵਾਈਫਾਈ ਕੁਨੈਕਸ਼ਨ ਤੇ ਪਾਰਕਿੰਗ ਆਦਿ ਦੀ ਬਹੁਤ ਵਧੀਆ ਵਿਵਸਥਾ ਹੈ।