ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਮੁਹਿੰਮ ਜਾਰੀ
ਪਟਿਆਲਾ, 25 ਜੁਲਾਈ 2024 : ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਅਤੇ ਸੋਹਣਾ ਬਣਾਉਣ ਵਿੱਚ ਸਥਾਨਕ ਨਿਵਾਸੀਆਂ ਦੀ ਮੁੱਖ ਭੂਮਿਕਾ ਹੁੰਦੀ ਹੈ। ਉਨ੍ਹਾਂ ਨੇ ਇਸ ਅਭਿਆਨ ਦਾ ਮੰਤਵ ਨਾਗਰਿਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਦੱਸਿਆ। ਇਸ ਲਈ, ਹਰ ਮੁਹੱਲੇ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਸਕੂਲਾਂ, ਕਾਲਜਾਂ ਅਤੇ ਬਾਜ਼ਾਰਾਂ ਵਿੱਚ ਵੱਖ-ਵੱਖ ਸਫ਼ਾਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਜਾਗਰੂਕਤਾ ਸਬੰਧੀ ਆਈ.ਟੀ.ਆਈ (ਲੜਕੀਆਂ) ਵਿਖੇ ਸਫ਼ਾਈ ਸੰਬੰਧੀ ਨੁੱਕੜ ਨਾਟਕ ਕਰਵਾਇਆ ਗਿਆ। ਪ੍ਰਿੰਸੀਪਲ ਸ੍ਰੀ ਮਨਮੋਹਨ ਸਿੰਘ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਦੀ ਇਹ ਮੁਹਿੰਮ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ, “ਸਫ਼ਾਈ ਸਿਰਫ਼ ਨਗਰ ਨਿਗਮ ਦਾ ਫ਼ਰਜ਼ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਆਓ, ਇਸ ਮੁਹਿੰਮ ਵਿੱਚ ਸਹਿਭਾਗੀ ਬਣੋ ਅਤੇ ਸਾਡੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਓ।”
ਇਸ ਮੌਕੇ ਸਮਾਜ ਸੇਵੀ ਜਤਵਿੰਦਰ ਗਰੇਵਾਲ ਦੱਸਿਆ ਕਿ ਰੰਗਮੰਚ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਦਾ ਇੱਕ ਸ਼ਕਤੀਸ਼ਾਲੀ ਜਰੀਆਂ ਹੈ ਅਤੇ ਇਸ ਰਾਹੀਂ ਦਿੱਤਾ ਗਿਆ ਸੁਨੇਹਾ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ “ਪਲਾਸਟਿਕ ਕੈਂਸਰ ਦਾ ਕਾਰਕ ਹੈ ਅਤੇ ਇਸ ਇਹ ਸਮੱਸਿਆ ਭੋਜਨ ਅਤੇ ਪੀਣ ਵਾਲੇ ਪਲਾਸਟਿਕ ਉਤਪਾਦ ਜਿਵੇਂ ਬੋਤਲਾਂ, ਕੱਪ-ਪਲੇਟਾਂ ਅਤੇ ਪਾਲੀਥੀਨ ਨਾਲ ਸੰਬਧਤ ਹਨ। ਅੰਤ ਨਗਰ ਨਿਗਮ ਪਟਿਆਲਾ ਵੱਲੋਂ ਆਏ ਐਕਸਪਰਟ ਅਮਨਦੀਪ ਸੇਖੋਂ ਨੇ ਕਿ ਜ਼ਿੰਦਗੀ ਵਿੱਚੋਂ ਵੱਧ ਤੋਂ ਵੱਧ ਸਿੰਗਲ ਯੂਜ਼ ਪਲਾਸਟਿਕ ਨੂੰ ਜ਼ਿੰਦਗੀ ਵਿੱਚੋਂ ਕੱਢਣ ਨਾਲ ਇੱਕ ਬਿਹਤਰ ਸਿਹਤ ਅਤੇ ਤੰਦਰੁਸਤ ਭਾਰਤ ਦਾ ਨਿਰਮਾਣ ਹੋਵੇਗਾ।
ਇਹ ਮੁਹਿੰਮ ਅੱਜ ਸੁਲਰ ਰੋਡ, ਸਰਹਿੰਦ ਬਾਈਪਾਸ, ਰਾਜਪੁਰਾ ਰੋਡ, ਕੋਹਲੀ ਟਰਾਂਸਪੋਰਟ ਦੇ ਨੇੜੇ, ਛੋਟੀ ਬਾਰਾਂਦਰੀ, ਬਡੂੰਗਰ ਮੜ੍ਹੀਆਂ ਮੰਡੀ, ਇੰਦਰਾਪੁਰੀ, ਨਦੀ ਦੇ ਆਲੇ ਦੁਆਲੇ ਅਤੇ ਰੋੜੀ ਕੁੱਟ ਰੋਡ ਵਿਖੇ ਚਲਾਈ ਗਈ। ਇਸ ਦੌਰਾਨ ਭਾਰੀ ਮਾਤਰਾ ਵਿੱਚ ਪਲਾਸਟਿਕ ਵੇਸਟ ਨੂੰ ਰੀਸਾਈਕਲਿੰਗ ਲਈ ਭੇਜਿਆ ਗਿਆ। ਇਸ ਮੁਹਿੰਮ ਵਿੱਚ ਸਮੂਹ ਸੈਨੇਟਰੀ ਇੰਸਪੈਕਟਰ, ਸਮੂਹ ਸੈਨੇਟਰੀ ਸੁਪਰਵਾਈਜ਼ਰ, ਸਮੂਹ ਕਮਿਊਨਿਟੀ ਫੈਸੀਲੀਟੇਟਰ ਅਤੇ ਸਮੂਹ ਸੈਨੇਟਰੀ ਵਰਕਰਾਂ ਸਮੇਤ ਸਕੂਲੀ ਬੱਚਿਆਂ ਨੇ ਸ਼ਮੂਲੀਅਤ ਕੀਤੀ। ਕੁਝ ਹੋਰ ਸਮਾਜਿਕ ਸੰਗਠਨਾਂ ਨੇ ਵੀ ਆਪਣਾ ਯੋਗਦਾਨ ਪਾਇਆ।