ਕੇਂਦਰੀ ਟੀਮ ਵੱਲੋਂ ‘ਜਲ ਸ਼ਕਤੀ ਅਭਿਆਨ : ਕੈਚ ਦ ਰੇਨ’ ਤਹਿਤ ਜਲ ਸੰਭਾਲ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜਾ
– ਕੇਂਦਰੀ ਨੋਡਲ ਅਫ਼ਸਰ ਨੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਚੁੱਕੇ ਕਦਮਾਂ ਦਾ ਵੀ ਕੀਤੀ ਸਮੀਖਿਆ
ਲੁਧਿਆਣਾ, 25 ਜੁਲਾਈ 2024 : ‘ਜਲ ਸ਼ਕਤੀ ਅਭਿਆਨ: ਕੈਚ ਦ ਰੇਨ’ ਤਹਿਤ ਜਾਰੀ ਪਹਿਲਕਦਮੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇਕ ਕੇਂਦਰੀ ਟੀਮ ਵੱਲੋਂ ਲੁਧਿਆਣਾ ਦਾ ਦੌਰਾ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਿਗਿਆਨੀ ਸੀ. ਅਤੇ ਟੈਕਨੀਕਲ ਅਫ਼ਸਰ ਗਾਰਗੀ ਵਾਲੀਆ, ਕੇਂਦਰੀ ਨੋਡਲ ਅਫ਼ਸਰ ਦੇਵੇਸ਼ ਗੁਪਤਾ, ਆਈ.ਆਰ.ਐਸ. ਨੇ ਸਬੰਧਤ ਵਿਭਾਗਾਂ ਨਾਲ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ। ਗੁਪਤਾ ਨੇ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਨੂੰ ਸੁਧਾਰਨ ਲਈ ਸਾਰੇ ਵਿਭਾਗਾਂ ਦੁਆਰਾ ਠੋਸ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਮੌਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਹੋਰ ਪ੍ਰੋਜੈਕਟ ਸ਼ੁਰੂ ਕਰਨ ਦਾ ਸੱਦਾ ਦਿੱਤਾ, ਤਾਂ ਜੋ ਮਹੱਤਵਪੂਰਨ ਸੁਧਾਰ ਲਿਆਂਦਾ ਜਾ ਸਕੇ।
ਕੇਂਦਰੀ ਟੀਮ ਨੇ ਜਲ ਸ਼ਕਤੀ ਕੇਂਦਰਾਂ, ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀ, ਤਲਾਬ, ਤੁਪਕਾ ਸਿੰਚਾਈ ਪ੍ਰਣਾਲੀ ਅਤੇ ਵਣੀਕਰਨ ਮੁਹਿੰਮਾਂ ਵਰਗੇ ਪ੍ਰਮੁੱਖ ਪ੍ਰੋਜੈਕਟਾਂ ਦਾ ਦੌਰਾ ਕੀਤਾ।
ਮੀਟਿੰਗ ਤੋਂ ਬਾਅਦ ਕੇਂਦਰੀ ਟੀਮ ਨੇ ਜਲ ਸ਼ਕਤੀ ਕੇਂਦਰ (ਦੁੱਗਰੀ) ਦਾ ਦੌਰਾ ਕੀਤਾ ਅਤੇ ਤਲਵੰਡੀ ਕਲਾਂ, ਐਤੀਆਣਾ ਅਤੇ ਧੌਲ ਖੁਰਦ ਸਮੇਤ ਵੱਖ-ਵੱਖ ਥਾਵਾਂ ‘ਤੇ ਬਰਸਾਤੀ ਪਾਣੀ ਦੀ ਸੰਭਾਲ ਪ੍ਰਣਾਲੀ ਦਾ ਮੁਆਇਨਾ ਕੀਤਾ ਅਤੇ ਨਾਲ ਹੀ ਪਿੰਡ ਮੋਹੀ ਵਿਖੇ ਜੰਗਲਾਤ ਰਕਬਾ ਵਧਾਉਣ ਲਈ ਬੂਟੇ ਲਗਾਏ ਗਏ। ਕੇਂਦਰੀ ਨੋਡਲ ਅਫਸਰ ਨੇ ਸਬੰਧਤ ਵਿਭਾਗਾਂ ਨੂੰ ਲੋਕਾਂ ਵਿੱਚ ਪਾਣੀ ਦੀ ਸੰਭਾਲ ਅਤੇ ਵਾਢੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹੋਰ ਆਈ.ਈ.ਸੀ. ਗਤੀਵਿਧੀਆਂ ਕਰਨ ਲਈ ਵੀ ਕਿਹਾ।
ਕੇਂਦਰੀ ਨੋਡਲ ਅਫ਼ਸਰ ਨੇ ਜ਼ਿਲ੍ਹਾ ਜਲ ਸੰਭਾਲ ਯੋਜਨਾ ਦੇ ਸਫਲ ਸਮਾਂਬੱਧ ਅਮਲ ਨੂੰ ਯਕੀਨੀ ਬਣਾਉਣ ਲਈ ਸਮੇਂ-ਸਮੇਂ ‘ਤੇ ਸਮੀਖਿਆ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਨੇ ਕੇਂਦਰੀ ਟੀਮ ਨੂੰ ਛੱਪੜਾਂ ਦੇ ਪੁਨਰ-ਸੁਰਜੀਤੀ, ਰੇਨ ਵਾਟਰ ਹਾਰਵੈਸਟਿੰਗ ਸਿਸਟਮ ਅਤੇ ਪੌਦੇ ਲਗਾਉਣ ਵਰਗੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ 26 ਨਰਸਰੀਆਂ ਵਿਕਸਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 375 ਛੱਪੜਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ, 27 ਰੀਚਾਰਜ ਪਿੱਟਸ ਬਣਾਏ ਗਏ ਹਨ ਅਤੇ ਲਗਭਗ ਪੰਜ ਲੱਖ ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ, ਲੁਧਿਆਣਾ ਵਿੱਚ ਰਵਾਇਤੀ ਜਲ ਸਰੋਤਾਂ ਦੇ ਨਵੀਨੀਕਰਨ ਦੇ 86 ਅਤੇ ਮੁੜ ਵਰਤੋਂ ਅਤੇ ਰੀਚਾਰਜ ਢਾਂਚੇ ਦੇ 52 ਕੰਮ ਚੱਲ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਧਾਲੀਵਾਲ ਨੇ ਇਹ ਵੀ ਦੱਸਿਆ ਕਿ ਲੁਧਿਆਣਾ ਵਿੱਚ ਇਸ ਮੌਨਸੂਨ ਵਿੱਚ 19 ਲੱਖ ਬੂਟੇ ਲਗਾਉਣ ਦੀ ਯੋਜਨਾ ਹੈ, ਹਰ ਵਿਭਾਗ ਵੱਲੋਂ ਬੂਟੇ ਲਗਾਉਣ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ।