ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਵਿਚ ਐਮ.ਪੀ.ਲੈਡ ਸਕੀਮ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ

0
– ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਬੁਨਿਆਦੀ ਢਾਂਚੇ ‘ਚ ਹੋਰ ਸੁਧਾਰ ਲਿਆਉਣ ਬਾਰੇ ਵੀ ਕੀਤੀ ਵਿਚਾਰ ਚਰਚਾ
– ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਕਲਾਂ ਦੇ ਕਮਰਿਆਂ ਦੀ ਉਸਾਰੀ ਦਾ ਕੰਮ ਬੰਦ ਹੋਣ ਤੇ ਜਾਂਚ ਦੇ ਆਦੇਸ਼

ਲੁਧਿਆਣਾ, 15 ਜੁਲਾਈ 2024 :  ਸੰਸਦ ਮੈਂਬਰ (ਰਾਜ ਸਭਾ) ਸ੍ਰੀ ਸੰਜੀਵ ਅਰੋੜਾ ਨੇ ਸੋਮਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਵਿਚ ਐਮ.ਪੀ.ਲੈਡ ਸਕੀਮ ਅਧੀਨ ਮੁਕੰਮਲ ਹੋਏ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਨਿੱਜੀ ਤੌਰ ਤੇ ਜਾ ਕੇ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਨਾਲ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਸਹਾਇਕ ਕਮਿਸ਼ਨਰ ਕਿ੍ਤਿਕਾ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਹਰਜਿੰਦਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ਼੍ਰੀਮਤੀ ਲਲਿਤਾ ਅਰੋੜਾ ਸਮੇਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।

ਸ੍ਰੀ ਸੰਜੀਵ ਅਰੋੜਾ ਨੇ ਜਿਹੜੇ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਉਹਨਾਂ ਵਿੱਚ  ਸਰਕਾਰੀ ਹਾਈ ਸਮਾਰਟ ਸਕੂਲ ਜਵੱਦੀ ਲੁਧਿਆਣਾ, ਸਰਕਾਰੀ ਮਿਡਲ ਸਕੂਲ ਰਾਜਗੜ੍ਹ, ਸਰਕਾਰੀ ਪ੍ਰਾਇਮਰੀ ਸਕੂਲ ਸਿੰਘਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਕਲਾਂ ਲੁਧਿਆਣਾ, ਸਰਕਾਰੀ ਮਿਡਲ ਸਕੂਲ ਭੂਮਲ ਲੁਧਿਆਣਾ, ਸਰਕਾਰੀ ਪ੍ਰਾਇਮਰੀ ਸਕੂਲ ਤਰਫ ਕੋਟਲੀ ਕਾਰਾਬਾਰਾ, ਸਰਕਾਰੀ ਪ੍ਰਾਇਮਰੀ ਸਕੂਲ ਚੰਦਰ ਨਗਰ ਲੁਧਿਆਣਾ ਅਤੇ ਸਰਕਾਰੀ ਮਿਡਲ ਸਕੂਲ ਗੜ੍ਹੀ ਸ਼ੇਰੂ ਲੁਧਿਆਣਾ ਸ਼ਾਮਲ ਸਨ।

ਸੰਸਦ ਮੈਂਬਰ (ਰਾਜ ਸਭਾ) ਨੇ ਕਿਹਾ ਕਿ ਇਹਨਾਂ ਸਕੂਲਾਂ ਦੇ ਵੱਖ-ਵੱਖ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ, ਨਵੀਂ ਇਮਾਰਤ ਦੀ ਉਸਾਰੀ ਕਰਨ ਅਤੇ ਹੋਰ ਕਰਵਾਏ ਗਏ ਕੰਮਾਂ ਦਾ ਨਿਰੀਖਣ ਕਰਨਾ ਇਸ ਲਈ ਵੀ ਜ਼ਰੂਰੀ ਸੀ ਕਿ ਜ਼ੋ ਉਹਨਾਂ ਨੇ ਐਮ.ਪੀ.ਲੈਡ ਵਿੱਚੋਂ ਇਹਨਾਂ ਸਕੂਲਾਂ ਨੂੰ ਗ੍ਰਾਂਟ ਦਿੱਤੀ ਹੈ ਉਸ ਦੀ ਵਰਤੋਂ ਸਹੀ ਤਰੀਕੇ ਨਾਲ ਹੋ ਚੁੱਕੀ ਹੈ। ਉਹਨਾਂ ਸਕੂਲਾਂ ਦੇ ਕੀਤੇ ਗਏ ਨਿਰੀਖਣ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਕਲਾਂ ਲੁਧਿਆਣਾ ਨੂੰ ਛੱਡ ਕੇ ਬਾਕੀ ਸਾਰੇ ਸਕੂਲਾਂ ਵੱਲੋਂ ਕਰਵਾਏ ਗਏ ਕੰਮਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।  ਉਹਨਾਂ ਕਿਹਾ ਕਿ ਇਹਨਾਂ ਸਕੂਲਾਂ ਦੇ ਕੰਮ ਮੁਕੰਮਲ ਹੋਣ ਨਾਲ ਆ ਰਹੀਆਂ ਮੁਸਕਲਾਂ ਤੋਂ ਛੁਟਕਾਰਾ ਮਿਲੇਗਾ ਅਤੇ ਸਕੂਲੀ ਵਿਦਿਆਰਥੀਆਂ ਨੂੰ ਹੁਣ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।

ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਉਨ੍ਹਾਂ ਐਮ.ਪੀ.ਲੈਡ ਫੰਡ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਕਲਾਂ ਲੁਧਿਆਣਾ ਨੂੰ ਨਵੇਂ ਕਮਰਿਆਂ ਦੀ ਉਸਾਰੀ ਲਈ 25 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਨਿਰੀਖਣ ਦੌਰਾਨ ਸਕੂਲ ਦੇ ਕਮਰਿਆਂ ਦੀ ਉਸਾਰੀ ਦਾ ਕੰਮ ਬੰਦ ਪਾਇਆ ਗਿਆ। ਇਸ ਬੰਦ ਹੋਏ ਕੰਮ ਦੀ ਜਾਂਚ ਉਹਨਾਂ ਸਹਾਇਕ ਕਮਿਸ਼ਨਰ (ਜਨਰਲ) ਲੁਧਿਆਣਾ ਨੂੰ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਪੜਤਾਲ ਦੌਰਾਨ ਜ਼ੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਫੰਡ ਇੱਕ ਸਾਲ ਦੇ ਅੰਦਰ-ਅੰਦਰ ਵਰਤੋਂ ਵਿੱਚ ਲਿਆਉਣਾ ਹੁੰਦਾ ਹੈ ਜੇਕਰ ਇਹ ਫੰਡ ਸਾਲ ਦੇ ਅੰਦਰ ਬਿਲਕੁਲ ਵੀ ਵਰਤੋਂ ਵਿੱਚ ਨਹੀਂ ਲਿਆਂਦਾ ਜਾਂਦਾ ਤਾਂ ਇਹ ਫੰਡ ਵਾਪਸ ਲੈ ਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਉਨ੍ਹਾਂ ਵੱਲੋਂ ਐਮ.ਪੀ.ਲੈਡ ਦਾ ਸਾਰਾ ਫੰਡ ਸਿਹਤ ਅਤੇ ਸਿੱਖਿਆ ਲਈ ਹੀ ਦਿੱਤਾ ਜਾਂਦਾ ਹੈ।

ਚੰਦਰ ਨਗਰ ਪ੍ਰਾਇਮਰੀ ਸਕੂਲ ਵਿੱਚ, ਸੰਸਦ ਮੈਂਬਰ ਨੇ ਭਰੋਸਾ ਦਿੱਤਾ ਕਿ ਇੱਕ ਕੂਲਿੰਗ ਸਿਸਟਮ ਦਿੱਤਾ ਜਾਵੇਗਾ ਕਿਉਂਕਿ ਸਕੂਲ ਬਹੁਤ ਭੀੜ-ਭੜੱਕੇ ਵਾਲੀ ਇਮਾਰਤ ਵਿੱਚ ਸਥਿਤ ਹੈ।  ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸਕੂਲ ਵਿੱਚੋਂ ਲੰਘਦੀਆਂ ਓਵਰਹੈੱਡ ਹਾਈ ਟੈਂਸ਼ਨ ਤਾਰਾਂ ਦੇ ਮੁੱਦੇ ਨੂੰ ਪੀ.ਐਸ.ਪੀ.ਸੀ.ਐਲ. ਕੋਲ ਉਠਾ ਕੇ ਇਸ ਦਾ ਹੱਲ ਕੱਢਣਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਵਿੱਚ ਸਕੂਲ ਨੂੰ ਇਸ ਦੇ ਵਿਸਥਾਰ ਲਈ ਕਿਸੇ ਹੋਰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।  ਸੰਸਦ ਮੈਂਬਰ ਨੇ ਇਹ ਵੀ ਨੋਟ ਕੀਤਾ ਕਿ ਮਿਡਲ ਸਕੂਲਾਂ ਨੂੰ ਲੋੜੀਂਦੇ ਫੰਡ ਨਹੀਂ ਮਿਲ ਰਹੇ ਹਨ ਅਤੇ ਉਨ੍ਹਾਂ ਦੀ ਪੂਰੀ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਇਹ ਮਾਮਲਾ ਨਿੱਜੀ ਤੌਰ ‘ਤੇ ਸਿੱਖਿਆ ਮੰਤਰੀ ਕੋਲ ਉਠਾਉਣ ਦਾ ਵਾਅਦਾ ਕੀਤਾ।  ਉਨ੍ਹਾਂ ਨੇ ਸਕੂਲਾਂ ਵਿਚਲੀਆਂ ਊਣਤਾਈਆਂ ਨੂੰ ਵੀ ਉਜਾਗਰ ਕਰਦੇ ਹੋਏ ਕਿਹਾ ਕਿ ਪੇਂਡੂ ਸਕੂਲਾਂ ਵਿਚ ਕਾਫ਼ੀ ਜ਼ਮੀਨ ਹੈ ਪਰ ਵਿਦਿਆਰਥੀਆਂ ਦੀ ਘਾਟ ਹੈ, ਜਦੋਂ ਕਿ ਸ਼ਹਿਰੀ ਸਕੂਲਾਂ ਵਿਚ ਜਗ੍ਹਾ ਘੱਟ ਪਰ ਵਿਦਿਆਰਥੀ ਜ਼ਿਆਦਾ ਹਨ।

ਸ੍ਰੀ ਅਰੋੜਾ ਨੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਬਾਰੇ ਉਨ੍ਹਾਂ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਿਚਾਰ ਵਟਾਂਦਰੇ  ਵੀ ਕੀਤੇ । ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹੈ ਅਤੇ ਇਹਨਾਂ ਦੀ ਪੜ੍ਹਾਈ ਬੇਹੱਦ ਜ਼ਰੂਰੀ ਹੈ, ਜਿਸ ਨਾਲ ਉਹ ਇਕ ਬਿਹਤਰ ਪੰਜਾਬ ਅਤੇ ਸਮਾਜ ਦੀ ਸਿਰਜਣਾ ਕਰਨਗੇ।

ਸ੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਸੂਬੇ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾ ਰਹੀ ਹੈ, ਉੱਥੇ ਹੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਟੀਚਾ ਸੂਬਾ ਵਾਸੀਆਂ ਨੂੰ ਮਿਆਰੀ ਸਿੱਖਿਆ, ਬਿਹਤਰ ਬੁਨਿਆਦੀ ਢਾਂਚਾ ਅਤੇ ਉੱਤਮ ਸਿਹਤ ਸਹੂਲਤਾ ਮੁਹੱਈਆ ਕਰਵਾਉਣਾ ਹੈ। ਉਹਨਾਂ ਕਿਹਾ ਕਿ ਸਮਾਜ ਅੰਦਰ ਜੇ ਹਰ ਕੋਈ ਪੜ੍ਹਿਆ ਲਿਖਿਆ ਹੋਵੇਗਾ ਤਾਂ ਹੀ ਅਸੀਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਉਹਨਾਂ ਕਿਹਾ ਕਿ ਜੇ ਰਾਜ ਅੰਦਰ ਚੰਗੇ ਸਕੂਲ ਖੁੱਲਣਗੇ ਤਾਂ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਹੀਂ ਰਹਿ ਸਕੇਗਾ ।

ਇਸ ਮੌਕੇ ਹਾਜ਼ਰ ਸਕੂਲ ਸਟਾਫ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਸੰਸਦ ਮੈਂਬਰ ਸ੍ਰੀ ਸੰਜੀਵ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਸੰਜੀਵ ਅਰੋੜਾ ਦੀ ਇਮਾਨਦਾਰੀ ਸਦਕਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਉਹਨਾਂ ਕਿਹਾ ਕਿ ਸੰਸਦ ਮੈਂਬਰ ਵੱਲੋਂ ਲੁਧਿਆਣਾ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਉਹ ਹਮੇਸ਼ਾ ਰਿਣੀ ਰਹਿਣਗੇ।

About The Author

Leave a Reply

Your email address will not be published. Required fields are marked *

error: Content is protected !!