‘ਅੱਖੀਆਂ’ ਗੀਤ ਰਾਹੀਂ ਜ਼ਲਦ ਹਾਜ਼ਰ ਹੋ ਰਿਹਾ ਗਾਇਕ ਪਰਮ ਚੀਮਾਂ
– ਵਿਸ਼ਵ ਪ੍ਰਸਿੱਧ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਵੱਲੋਂ ‘ਅਮਰ ਆਡੀਓ’ ਦੇ ਬੈਨਰ ਹੇਠ ਹੋਵੇਗਾ ਗੀਤ ਰਲੀਜ਼
ਪਟਿਆਲਾ, 15 ਜੁਲਾਈ 2024 : ਪੰਜਾਬ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਦੇ ਮੰਚਾਂ ਤੋਂ ਪਾਵਰਕਾਮ ਦੀਆਂ ਸਟੇਜ਼ਾਂ ਰਾਹੀਂ ਪ੍ਰਵਾਨ ਚੜ੍ਹੇ ਗਾਇਕ ਪਰਮ ਚੀਮਾਂ ਨੇ ਹੁਣ ਪ੍ਰਫੈਸ਼ਨਲ ਗਾਇਕ ਵਜੋਂ ਦਸਤਕ ਦਿੱਤੀ ਹੈ। ਸੰਗੀਤ ਵਿੱਦਿਆ ਵਿੱਚ ਨਿਪੁੰਨ ਉਸਤਾਦ ਲਾਲੀ ਖਾਨ ਦਾ ਚੇਲਾ ਗਾਇਕ ਪਰਮ ਚੀਮਾਂ ਜ਼ਲਦ ਹੀ ਸਿੰਗਲ ਟਰੈਕ ‘ਅੱਖੀਆਂ’ ਰਾਹੀਂ ਸੰਗੀਤਕ ਉਡਾਣ ਭਰ ਰਿਹਾ ਹੈ। ਇਸ ਗੀਤ ਨੂੰ ਖੂਬਸੂਰਤ ਸ਼ਬਦਾਂ ਵਿੱਚ ਪਰੋਇਆ ਹੈ, ਉਸਦੇ ਪੁਰਾਣੇ ਬੇਲੀ ਲੈਕਚਰਾਰ ਜਗਤਾਰ ਸਿੰਘ ਚੀਮਾਂ ਨੇ ਅਤੇ ਪ੍ਰਸਿੱਧ ਸੰਗੀਤਾਰ ਸਾਬੀ ਨੇ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ । ਪਰਮ ਚੀਮਾਂ ਨੇ ਇਸ ਗੀਤ ਦੀ ਕੰਪੋਜ਼ ਖੁਦ ਤਿਆਰ ਕੀਤੀ ਹੈ ਅਤੇ ਉਘੇ ਫਿਲਮ ਡਾਇਰੈਕਟਰ ਜਸਪ੍ਰੀਤ ਮਾਨ ਨੇ ਵੱਖ-ਵੱਖ ਲੋਕੇਸ਼ਨਾਂ ਉਪਰ ‘ਅੱਖੀਆਂ’ ਗੀਤ ਦਾ ਵੀਡੀਓ ਫਿਲਮਾਂਕਣ ਕੀਤਾ ਹੈ।
ਇਸ ਰੋਮਾਂਟਿਕ ਗੀਤ ਦੇ ਵੀਡੀਓ ਵਿੱਚ ਪਰਮ ਚੀਮਾਂ ਦੇ ਨਾਲ ਸੀਰਤਪ੍ਰੀਤ ਕੌਰ ਵੱਲੋਂ ਬਹੁਤ ਹੀ ਖੂਬਸੂਰਤ ਅਦਾਵਾਂ ਵਿੱਚ ਅਦਾਕਾਰੀ ਕੀਤੀ ਗਈ ਹੈ ਅਤੇ ਕੈਮਰਾਮੈਨ ਜੀਵਨ ਹੀਰ ਵੱਲੋਂ ਪੂਰੀ ਮਿਹਨਤ ਨਾਲ ਫਿਲਮਾਂਕਣ ਕੀਤਾ ਗਿਆ ਹੈ। ਗੀਤ ਦੀ ਵੀਡੀਓ ਸ਼ੂਟਿੰਗ ਮੌਕੇ ਕਮਲ ਵੱਲੋਂ ਮੇਕਅੱਪ, ਇੰਦਰ ਵੱਲੋਂ ਲਾਈਟ ਅਤੇ ਲੈਂਬਰਦੀਪ ਬੁਰਜ ਵੱਲੋਂ ਪ੍ਰੋਡਕਸ਼ਨ ਮੈਨੇਜਿੰਗ ਦਾ ਕੰਮ ਬਾਖੂਬੀ ਨਿਭਾਇਆ ਗਿਆ ਹੈ। ਅਨਮੋਲਦੀਪ ਸਿੰਘ ਚੀਮਾਂ (ਕੈਨੇਡਾ) ਦੀ ਪੇਸ਼ਕਸ਼ ‘ਅੱਖੀਆਂ’ ਗੀਤ ਨੂੰ ਵਿਸ਼ਵ ਪ੍ਰਸਿੱਧ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਵੱਲੋਂ ‘ਅਮਰ ਆਡੀਓ’ ਦੇ ਬੈਨਰ ਹੇਠ ਰਲੀਜ਼ ਕੀਤਾ ਜਾਵੇਗਾ। ਪਰਮ ਚੀਮਾਂ ਨੇ ਦੱਸਿਆ ਕਿ ‘ਅੱਖੀਆਂ’ ਗੀਤ ਇੱਕ ਸਾਫ਼-ਸੁਥਰੀ ਸੱਭਿਆਚਾਰਕ ਸਾਕਾਰਾਤਮਕ ਪੇਸ਼ਕਾਰੀ ਹੈ, ਜਿਸ ਨੂੰ ਸੁਣਕੇ ਅਤੇ ਵੇਖਕੇ ਸੁਖਦ ਸਕੂਨ ਮਹਿਸੂਸ ਮਿਲੇਗਾ।