ਰੈੱਡ ਕਰਾਸ ਵੱਲੋਂ ਦਿਵਿਆਂਗਜਨ ਨੂੰ ਮੁਫ਼ਤ ਸਹਾਇਤਾ ਉਪਕਰਨਾਂ ਦੀ ਵੰਡ

ਪਟਿਆਲਾ, 12 ਜੁਲਾਈ 2024 : ਅਲਿਮਕੋ ਕਾਨਪੁਰ ਅਤੇ ਰੈੱਡ ਕਰਾਸ ਜ਼ਿਲ੍ਹਾ ਅੰਗਹੀਣਤਾ ਮੁੜਬਸੇਵਾ ਕੇਂਦਰ ਪਟਿਆਲਾ ਵੱਲੋਂ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਵਿਸ਼ੇਸ਼ ਜ਼ਰੂਰਤਾਂ ਵਾਲੇ ਦਿਵਿਆਂਗਜਨ ਨੂੰ ਸੀ.ਐਸ.ਆਰ. ਸਕੀਮ ਅਤੇ ਭਾਰਤ ਸਰਕਾਰ ਦੀ ਏਡਿੱਪ ਸਕੀਮ ਤਹਿਤ ਲੋੜੀਂਦੇ ਸਹਾਇਤਾ ਉਪਕਰਨ ਉਪਲਬਧ ਕਰਵਾਉਣ ਲਈ ਪਟਿਆਲਾ ਜ਼ਿਲ੍ਹੇ ਅੰਦਰ ਦਸੰਬਰ 2023 ਵਿੱਚ ਵੱਖ-ਵੱਖ ਥਾਵਾਂ ‘ਤੇ ਮੈਡੀਕਲ ਜਾਂਚ ਕੈਂਪ ਸਮਾਣਾ, ਪਾਤੜਾਂ, ਨਾਭਾ, ਪਟਿਆਲਾ, ਰਾਜਪੁਰਾ ਵਿਖੇ ਲਗਾਏ ਗਏ ਸਨ। ਜਿਸ ਵਿਚ ਵਿਸ਼ੇਸ਼ ਜ਼ਰੂਰਤਾਂ ਵਾਲੇ ਦਿਵਿਆਂਗ ਵਿਅਕਤੀਆਂ ਦੀ ਜਾਂਚ ਵਿਸ਼ੇਸ਼ ਮਾਹਿਰਾਂ ਦੀ ਟੀਮ ਵੱਲੋਂ ਕੀਤੀ ਗਈ ਸੀ।
ਲੋੜੀਂਦੇ ਸਹਾਇਤਾ ਉਪਕਰਨ ਉਪਲਬਧ ਕਰਵਾਉਣ ਲਈ ਆਖਰੀ ਗੇੜ ਵਿੱਚ ਬਲਾਕ ਸਮਾਣਾ, ਪਾਤੜਾਂ ਨਾਲ ਸਬੰਧਤ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਲਗਭਗ 35.5 ਲੱਖ ਰੁਪਏ ਦੇ ਸਮਾਨ ਜਿਵੇਂ ਕਿ ਮੋਟਰਾਈਜ਼ਡ ਟ੍ਰਾਈਸਾਇਕਲ, ਟ੍ਰਾਈਸਾਇਕਲ, ਵੀਲ ਚੇਅਰ, ਘੱਟ ਸੁਣਨ ਵਾਲੇ ਵਿਅਕਤੀਆਂ ਨੂੰ ਕੰਨਾਂ ਦੀਆਂ ਮਸ਼ੀਨਾਂ, ਨੇਤਰਹੀਣ ਵਿਅਕਤੀਆਂ ਨੂੰ ਸਮਾਰਟ ਫ਼ੋਨ, ਬੱਚਿਆਂ ਲਈ ਐਮ.ਆਰ. ਕਿੱਟਾਂ, ਚੱਲਣ ਫਿਰਨ ਤੋਂ ਅਸਮਰਥ ਵਿਅਕਤੀਆਂ ਨੂੰ ਬਸਾਖੀਆ ਅਤੇ ਕੈਲੀਪਰ ਆਦਿ ਦੀ ਵੰਡ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਜ) ਪਟਿਆਲਾ ਮੈਡਮ ਕੰਚਨ, ਆਈ.ਏ.ਐਸ ਨੇ ਕੀਤੀ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਈ ਵੀ ਵਿਅਕਤੀ ਸਰੀਰਕ ਤੌਰ ਤੇ ਦਿਵਿਆਂਗ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ਤੇ ਹੁੰਦਾ ਹੈ। ਹਰ ਇਕ ਵਿਅਕਤੀ ਨੂੰ ਆਪਣਾ ਮਨੋਬਲ ਉੱਚਾ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਇੱਕ ਚੰਗਾ ਸਮਾਜ ਸਿਰਜਣ ਵਿੱਚ ਵੀ ਯੋਗਦਾਨ ਪਾ ਸਕੇ।
ਮੁੱਖ ਮਹਿਮਾਨ ਵੱਲੋਂ ਕੈਂਪ ਵਿੱਚ ਭਾਗ ਲੈਣ ਆਏ ਡਾਕਟਰ ਅਸ਼ੋਕ ਸਾਹੂ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਅਤੇ ਜ਼ਿਲ੍ਹਾ ਅੰਗਹੀਣਤਾ ਮੁੜਵਸੇਬਾ ਕੇਂਦਰ ਪਟਿਆਲਾ ਅਤੇ ਰੈੱਡ ਕਰਾਸ ਪਟਿਆਲਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਵਧੇਰੇ ਜਾਣਕਾਰੀ ਦਿੰਦਿਆਂ ਸਕੱਤਰ ਰੈੱਡ ਕਰਾਸ ਕਮ ਜ਼ਿਲ੍ਹਾ ਅੰਗਹੀਣਤਾ ਮੁੜਬਸੇਵਾ ਅਫ਼ਸਰ ਪਟਿਆਲਾ ਡਾ ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਦਸੰਬਰ 2023 ਵਿੱਚ ਪਟਿਆਲਾ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਮੈਡੀਕਲ ਜਾਂਚ ਕੈਂਪ ਲਗਾਏ ਗਏ ਸਨ ਜਿਸ ਵਿਚ ਵਿਸ਼ੇਸ਼ ਜ਼ਰੂਰਤਾਂ ਵਾਲੇ 860 ਤੋਂ ਵੱਧ ਦਿਵਿਆਂਗ ਵਿਅਕਤੀਆਂ ਦੇ ਨਰੀਖਣ ਉਪਰੰਤ 339 ਵਿਅਕਤੀਆਂ ਨੂੰ ਸਹਾਇਤਾ ਉਪਕਰਨ ਉਪਲਬਧ ਕਰਵਾਉਣ ਲਈ ਸੂਚੀਬੱਧ ਕੀਤਾ ਗਿਆ ਸੀ।
ਇਸ ਮੌਕੇ ‘ਤੇ ਸ਼੍ਰੀ ਵਿਜੇ ਕੁਮਾਰ ਗੋਇਲ ਪ੍ਰਧਾਨ ਪਟਿਆਲਾ ਸੋਸ਼ਲ ਵੈੱਲਫੇਅਰ ਸੋਸਾਇਟੀ, ਸ੍ਰੀ ਜਤਿੰਦਰ ਕੰਬੋਜ, ਪ੍ਰਧਾਨ ਜੀਵਨ ਫਾਊਂਡੇਸ਼ਨ ਪਟਿਆਲਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਪਟਿਆਲਾ ਦੀ ਟੀਮ, ਸ਼੍ਰੀ ਜਗਜੀਤ ਸਿੰਘ ਸੱਗੂ ਸੀਨੀਅਰ ਮੀਤ ਚੇਅਰਮੈਨ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ ਸਰਕਾਰ ਵੱਲੋਂ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।