ਪੰਜਾਬ ਲੋਕ ਸੇਵਾ ਕਮਿਸ਼ਨ ਸਾਰੀ ਭਰਤੀ ਪ੍ਰਕ੍ਰਿਆ ਪੂਰੀ ਨਿਰਪੱਖਤਾ, ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਚਨਬੱਧ-ਜਤਿੰਦਰ ਸਿੰਘ ਔਲਖ

0
-ਪੀ.ਪੀ.ਐਸ.ਸੀ. ਚੇਅਰਮੈਨ ਨੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੀ ਭਰਤੀ ਲਈ ਪਾਰਦਰਸ਼ੀ ਢੰਗ ਨਾਲ ਹੋਈ ਪ੍ਰੀਖਿਆ ਬਾਰੇ ਸਪੱਸ਼ਟ ਕੀਤਾ
-ਕਿਹਾ, ਪੇਪਰ ਲੀਕ ਦੇ ਬੇਬੁਨਿਆਦ ਤੇ ਝੂਠੇ ਦੋਸ਼ ਲਗਾਕੇ ਲੋਕਾਂ ਤੇ ਉਮੀਦਵਾਰਾਂ ਵਿੱਚ ਅਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਪਟਿਆਲਾ, 11 ਜੁਲਾਈ 2024 : ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਕਿਹਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਸਾਰੀ ਭਰਤੀ ਪ੍ਰਕ੍ਰਿਆ ਪੂਰੀ ਨਿਰਪੱਖਤਾ, ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅੱਜ ਇੱਥੇ ਆਪਣੇ ਦਫ਼ਤਰ ਵਿਖੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਸਪੱਸ਼ਟ ਕੀਤਾ ਕਿ 30 ਜੂਨ, 2024 ਨੂੰ ਖੇਤੀਬਾੜੀ ਵਿਕਾਸ ਅਫਸਰਾਂ ਦੀ ਭਰਤੀ ਵਾਸਤੇ ਲਈ ਗਈ ਪ੍ਰੀਖਿਆ ਵਿੱਚ ਪੇਪਰ ਲੀਕ ਦਾ ਪਿਆ ਰੌਲਾ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਹੈ।ਚੇਅਰਮੈਨ ਨੇ ਸਪੱਸ਼ਟ ਕੀਤਾ ਕਿ ਇਸ ਪ੍ਰੀਖਿਆ ਲਈ 6800 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਪਰੰਤੂ ਇਨ੍ਹਾਂ ਵਿੱਚੋਂ 4100 ਦੇ ਕਰੀਬ ਉਮੀਦਵਾਰ ਪੇਪਰ ਦੇਣ ਪੁੱਜੇ ਸਨ ਅਤੇ ਇਹ ਪੇਪਰ ਪੂਰੀ ਤਰ੍ਹਾਂ ਨਿਰਪੱਖ, ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਲਿਆ ਗਿਆ ਹੈ ਅਤੇ ਇਸ ਦੇ ਲੀਕ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੋ ਸਕਦਾ।
ਚੇਅਰਮੈਨ ਨੇ ਦੱਸਿਆ ਕਿ ਚੰਡੀਗੜ੍ਹ ਨਾਲ ਸਬੰਧਤ ਇੱਕ ਵਿਦਿਅਕ ਕੋਚ ਨੇ ਇੱਕ ਯੂਟਿਊਬ ਚੈਨਲ ਉਪਰ ਇੱਕ ਵੀਡੀਓ ਪੋਸਟ ਕਰਕੇ, ਬਿਨਾਂ ਕਿਸੇ ਸਬੂਤ ਦੇ, ਇਮਤਿਹਾਨ ਦਾ ਪੇਪਰ ਪਹਿਲਾਂ ਹੀ ਲੀਕ ਹੋਣ ਦਾ ਦੋਸ਼ ਲਗਾਇਆ ਸੀ। ਜਿਸ ਮਗਰੋਂ ਮੀਡੀਆ ਦੇ ਕੁਝ ਹੋਰ ਹਿੱਸੇ ਵਿਚ ਵੀ ਕੁਝ ਦੋਸ਼ ਲਗਾਏ ਗਏ ਸਨ, ਜਿਸ ਵਿਚ ਪੇਪਰ ਲਈ ਕਿਸੇ ਤਰ੍ਹਾਂ ਦੀ ਰਿਸ਼ਵਤਖੋਰੀ ਦਾ ਦਾਅਵਾ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਕਮਿਸ਼ਨ ਅਜਿਹੇ ਦਾਅਵ‌ਿਆਂ ਅਤੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਾ ਹੈ ਅਤੇ ਨਾਲ ਹੀ ਇਹ ਵੀ ਸਪੱਸ਼ਟ ਕਰਦਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਲਏ ਜਾਂਦੇ ਭਰਤੀ ਇਮਤਿਹਾਨਾਂ ਵਿੱਚ ਕਿਸੇ ਵੀ ਸਰਕਾਰੀ ਵਿਭਾਗ ਦੀ ਕੋਈ ਦਖਲਅੰਦਾਜੀ ਨਹੀਂ ਹੁੰਦੀ, ਕਿਉਂਕਿ ਉਕਤ ਦੋਸ਼ਾਂ ਵਿੱਚ ਰਾਜ ਦੇ ਖੇਤੀਬਾੜੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਇਸ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਗਿਆ ਹੈ ਜਦਕਿ ਅਸਲ ਵਿੱਚ ਅਜਿਹਾ ਸੱਚ ਨਹੀਂ ਹੈ।
ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਅੱਗੇ ਦੱਸਿਆ ਕਿ ਕਮਿਸ਼ਨ ਵੱਲੋਂ ਅੰਦਰੂਨੀ ਤੱਥਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੀਪੀਐਸਸੀ ਵੱਲੋਂ ਕਰਵਾਈ ਗਈ ਪ੍ਰੀਖਿਆ ਪ੍ਰਕਿਰਿਆ ਵਿੱਚ ਰਾਜ ਦੇ ਖੇਤੀਬਾੜੀ ਵਿਭਾਗ ਦਾ ਕੋਈ ਵੀ ਅਧਿਕਾਰੀ ਸ਼ਾਮਲ ਨਹੀਂ ਸੀ। ਕਮਿਸ਼ਨ, ਰਾਜ ਦੇ ਸਮੂਹ ਸਰਕਾਰੀ ਨੌਕਰੀਆਂ ਲਈ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ ਇਹ ਵਿਸ਼ਵਾਸ਼ ਦੁਆਉਂਦਾ ਹੈ ਕਿ ਕਮਿਸ਼ਨ ਨੇ ਹੁਣ ਤੱਕ ਲਈਆਂ ਸਾਰੀਆਂ ਪ੍ਰੀਖਿਆਵਾਂ ਪੂਰੀ ਤਰ੍ਹਾਂ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਕਰਵਾਈਆਂ ਹਨ ਅਤੇ ਇਹ ਕਵਾਇਦ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਸੰਵਿਧਾਨਿਕ ਅਦਾਰਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਰਹੇਗਾ।
ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਸਪੱਸ਼ਟ ਹੈ ਕਿ ਵੀਡੀਓਗ੍ਰਾਫਿਕ ਅਤੇ ਲਿਖਤੀ ਰਿਕਾਰਡਾਂ ਸਮੇਤ ਵਿਆਪਕ ਤਸਦੀਕ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਮਤਿਹਾਨ ਦੀ ਪ੍ਰਕਿਰਿਆ ਨਿਰਪੱਖ ਅਤੇ ਸੁਰੱਖਿਅਤ ਸੀ, ਅਤੇ ਇਸ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਰੱਖਣਾ ਯਕੀਨੀ ਬਣਾਉਣ ਲਈ ਹਰ ਸੰਭਵ ਉਪਾਅ ਕੀਤੇ ਗਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਲਜ਼ਾਮਾਂ ਦੇ ਉਲਟ, ਪ੍ਰੀਖਿਆ ਤੋਂ ਪਹਿਲਾਂ ਕਿਸੇ ਵੀ ਉਮੀਦਵਾਰ ਦੀ ਪ੍ਰਸ਼ਨ ਪੱਤਰ ਤੱਕ ਪਹੁੰਚ ਨਹੀਂ ਸੀ ਅਤੇ ਸਵੇਰੇ 11:00 ਵਜੇ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਕਿਸੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਜਿੱਥੇ ਉਹ ਖ਼ੁਦ ਤੇ ਕਮਿਸ਼ਨ ਦੇ ਸਕੱਤਰ ਪ੍ਰੀਖਿਆ ਨੇ ਨਿਗਰਾਨੀ ਰੱਖੀ, ਉਥੇ ਹੀ ਸੂਬਾ ਸਰਕਾਰ ਦੇ ਸੁਪਰਵਾਈਜ਼ਰੀ ਅਧਿਕਾਰੀਆਂ ਵੱਲੋਂ ਵੀ ਇਮਤਿਹਾਨ ਉਤੇ ਨਜ਼ਰ ਰੱਖੀ ਹੋਈ ਸੀ।
ਜਤਿੰਦਰ ਸਿੰਘ ਔਲਖ ਨੇ ਜ਼ੋਰ ਦੇ ਕੇ ਕਿਹਾ ਕਿ ਕਮਿਸ਼ਨ ਸਾਰੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦੀ ਤਨਦੇਹੀ ਨਾਲ ਪਾਲਣਾ ਕਰਦਾ ਹੈ।ਉਨ੍ਹਾਂ ਦੱਸਿਆ ਕਿ ਇਮਿਤਹਾਨ ਤੋਂ ਪਹਿਲਾਂ ਉਮੀਦਵਾਰਾਂ ਦੀ ਪਛਾਣ ਲਈ ਬਾਇਓਮੀਟ੍ਰਿਕ ਮਸ਼ੀਨਾਂ ਦੀ ਵਰਤੋਂ, ਹਰ ਕੇਂਦਰ ‘ਤੇ 5ਜੀ ਜੈਮਰ, ਅਤੇ ਸੁਰੱਖਿਆ ਕਰਮਚਾਰੀਆਂ ਦੁਆਰਾ ਡੂੰਘਾਈ ਨਾਲ ਜਾਂਚ ਕਰਨ ਲਈ ਡੀਐਫਐਮਡੀ ਅਤੇ ਐਚਐਚਐਮਡੀ ਦੀ ਤਾਇਨਾਤੀ ਨੇ ਇਹ ਯਕੀਨੀ ਬਣਾਇਆ ਕਿ ਪੂਰੀ ਪ੍ਰਕਿਰਿਆ ਨਿਰਵਿਘਨ, ਨਿਰਪੱਖ ਤੇ ਪਾਰਦਰਸ਼ੀ ਸੀ।
ਚੇਅਰਮੈਨ ਪੀ.ਪੀ.ਐਸ.ਸੀ. ਨੇ ਅੱਗੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਬੇਬੁਨਿਆਦ ਦੋਸ਼ ਇਸ ਸੰਵਿਧਾਨਕ ਸੰਸਥਾ ਦੀ ਸਾਖ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਲਗਾਏ ਗਏ ਸਨ, ਜੋ ਕੁਸ਼ਲਤਾ ਅਤੇ ਪੂਰੀ ਸਾਵਧਾਨੀ ਨਾਲ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਇਕੱਲੀ ਇੱਕ ਸੰਸਥਾ ਉਪਰ ਹੀ ਨਹੀਂ ਲਗਾਏ ਗਏ ਬਲਕਿ ਪੂਰੀ ਸਮਾਜਿਕ ਵਿਵਸਥਾ ਉਪਰ ਲਗਾਏ ਗਏ ਹਨ, ਜਿਸ ਲਈ ਅਜਿਹੇ ਝੂਠੇ ਦੋਸ਼ਾਂ ਬਾਰੇ ਪੜਤਾਲ ਕਰਵਾ ਕੇ ਸਮਾਜ ਵਿੱਚ ਬੇਭਰੋਸਗੀ ਪੈਦਾ ਕਰਨ ਵਾਲਿਆਂ ਨੂੰ ਬਖ਼‌ਸ਼‌ਿਆ ਨਹੀਂ ਜਾਵੇਗਾ।
ਚੇਅਰਮੈਂਨ ਨੇ ਪ੍ਰੀਖਿਆ ਦੇਣ ਵਾਲੇ ਸਾਰੇ ਉਮੀਦਵਾਰਾਂ ਅਤੇ ਭਵਿੱਖ ਦੀਆਂ ਭਰਤੀਆਂ ਲਈ ਤਿਆਰੀ ਕਰ ਰਹੇ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਭਰੋਸਾ ਦਿਵਾਇਆ ਅਤੇ ਕਮਿਸ਼ਨ ਆਪਣੀ ਸੰਵਿਧਾਨਿਕ ਡਿਊਟੀ ਪੂਰੀ ਇਮਾਨਦਾਰੀ, ਦਿਆਨਤਦਾਰੀ, ਪਾਰਦਰਸ਼ਤਾ ਅਤੇ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦਾ ਹੈ ਅਤੇ ਇਸ ਲਈ ਕਿਸੇ ਨੂੰ ਵੀ ਇਸ ਦੀ ਭਰੋਸੇਯੋਗਤਾ ਉਪਰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ, ਕਿਉਂਕਿ ਪੰਜਾਬ ਲੋਕ ਸੇਵਾ ਕਮਿਸ਼ਨ ਆਪਣੀਆਂ ਕਦਰਾਂ ਕੀਮਤਾਂ ਉਤੇ ਪੂਰੀ ਤਰ੍ਹਾਂ ਕਾਇਮ ਹੈ।
ਚੇਅਰਮੈਨ ਨੇ ਦੁਬਾਰਾ ਜ਼ੋਰ ਦਿੱਤਾ ਕਿ ਪੀ.ਪੀ.ਐਸ.ਸੀ. ਵੱਲੋਂ ਕੋਈ ਪੇਪਰ ਲੀਕ ਨਹੀਂ ਕੀਤਾ ਗਿਆ ਸੀ। ਇਸ ਲਈ ਕਿਸੇ ਤਰ੍ਹਾਂ ਦੀ ਵੀ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਜਾਂਚ ਲਈ ਰਾਜ ਸਰਕਾਰ ਨੂੰ ਸਖ਼ਤ ਜਾਂਚ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਕੀਤੀ ਗਈ ਮੁਢਲੀ ਪੜਤਾਲ ਦੌਰਾਨ ਅਜਿਹੀ ਕੋਈ ਅਣਗਹਿਲੀ ਜਾਂ ਗ਼ਲਤੀ ਸਾਹਮਣੇ ਨਹੀਂ ਆਈ ਪਰੰਤੂ ਫਿਰ ਵੀ ਉਹ ਸਰਕਾਰ ਨੂੰ ਸੁਤੰਤਰ ਜਾਂਚ ਲਈ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੇਪਰ ਲੀਕ ਦੇ ਇਹ ਦੋਸ਼ ਝੂਠੇ ਸਾਬਤ ਹੁੰਦੇ ਹਨ ਤਾਂ ਲੋਕਾਂ ਵਿੱਚ ਅਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਤਿੰਦਰ ਸਿੰਘ ਔਲਖ ਨੇ ਮੁੜ ਦੁਹਰਾਇਆ ਕਿ ਪੀ.ਪੀ.ਐਸ.ਸੀ. ਸਾਰੀਆਂ ਭਰਤੀ ਪ੍ਰੀਖਿਆਵਾਂ ਦੇ ਨਿਰਪੱਖ ਅਤੇ ਪਾਰਦਰਸ਼ਤਾ ਨਾਲ ਕਰਵਾਉਣ ਲਈ ਵਚਨਬੱਧ ਹੈ, ਇਸ ਲਈ ਸਾਰੀਆਂ ਭਰਤੀਆਂ ਲਈ ਭਵਿੱਖ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਮਾਪੇ ਇਹ ਯਕੀਨੀ ਬਣਾਉਣ ਕਿ ਉਹ ਨਿਸਚਿੰਤ ਰਹਿਣਗੇ ਅਤੇ ਉਹ ਕਮਿਸ਼ਨ ਦੀ ਕਾਰਗੁ਼ਜ਼ਾਰੀ ਪ੍ਰਤੀ ਕਿਸੇ ਵੀ ਤਰ੍ਹਾਂ ਨਿਰਾਸ਼ ਨਾ ਹੋਣ।
ਚੇਅਰਮੈਨ ਨੇ ਅੱਗੇ ਕਿਹਾ ਕਿ ਇਹ ਉਮੀਦਵਾਰ ਪੰਜਾਬ ਦੇ ਭਵਿੱਖ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਸਿਸਟਮ ਵਿੱਚ ਉਨ੍ਹਾਂ ਦਾ ਭਰੋਸਾ ਸਭ ਤੋਂ ਉੱਚਾ ਹੈ, ਜਿਸ ਨੂੰ ਕਮਿਸ਼ਨ ਵੱਲੋਂ ਹਰ ਹਾਲ ਵਿੱਚ ਬਰਕਰਾਰ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਪੀ.ਪੀ.ਐਸ.ਸੀ. ਦੇ ਸਕੱਤਰ ਪ੍ਰੀਖਿਆਵਾਂ ਦੇਵਦਰਸ਼ਦੀਪ ਸਿੰਘ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *

You may have missed