ਫਾਜ਼ਿਲਕਾ ਬਣਿਆ ਸੂਬੇ ਦਾ ਪਹਿਲਾਂ ਜ਼ਿਲ੍ਹਾ ਜਿੱਥੇ ਸਰਕਾਰੀ ਪ੍ਰਾਈਮਰੀ ਸਕੂਲਾਂ ਵਿਚ ਮਹੀਨੇ ਵਿਚ ਇਕ ਦਿਨ ਹੋਵੇਗਾ ਬੈਗ ਫਰੀ ਡੇਅ

0

–  ਡਿਪਟੀ ਕਮਿਸ਼ਨਰ ਨੇ ਪ੍ਰੋਗਰਾਮ ਦੀ ਅਬੋਹਰ ਤੋਂ ਕੀਤੀ ਰਸਮੀ ਸ਼ੁਰੂਆਤ

–  ਵਿਦਿਆਰਥੀਆਂ ਵਿਚ ਲੁਕੀਆਂ  ਬਹੁਮੁਖੀ ਪ੍ਰਤਿਭਾਵਾਂ ਨੂੰ ਨਵੀਂ ਉਡਾਨ ਦੇਵੇਗਾ ਪ੍ਰੋਗਰਾਮ – ਡਾ: ਸੇਨੂ ਦੁੱਗਲ

ਫਾਜ਼ਿਲਕਾ, 10 ਜੁਲਾਈ 2024 :  ਪ੍ਰਾਈਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ, ਉਨ੍ਹਾਂ ਦੀਆਂ ਸਿੱਖਣ ਯੋਗਤਾਵਾਂ ਨੂੰ ਹੋਰ ਨਿਖਾਰਨ ਅਤੇ ਬੱਚਿਆਂ ਦੇ ਮਨ ਵਿਚ ਸਕੂਲ ਪ੍ਰਤੀ ਖਿੱਚ ਪੈਦਾ ਕਰਨ ਦੇ ਉਦੇਸ਼ ਨਾਲ ਫਾਜ਼ਿਲਕਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿੱਥੇ ਸਰਕਾਰੀ ਪ੍ਰਾਈਮਰੀ ਸਕੂਲਾਂ ਵਿਚ ਹਰ ਮਹੀਨੇ ਇਕ ਦਿਨ “ਸਕੂਲ ਬੈਗ ਮੁਕਤ ਦਿਵਸ” ਹੋਵੇਗਾ ਅਤੇ ਇਸ ਦਿਨ ਵਿਦਿਆਰਥੀ ਕਿਤਾਬਾਂ ਤੋਂ ਬਿਨ੍ਹਾਂ ਰਚਨਾਤਾਮਕ ਤਰੀਕੇ ਦੀਆਂ ਗਤੀਵਿਧੀਆਂ ਨਾਲ ਆਪਣੇ ਸਿੱਖਣ ਕੌਸ਼ਲ ਵਿਚ ਵਾਧਾ ਕਰਣਗੇ। ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਸਰਕਾਰੀ ਪ੍ਰਾਈਮਰੀ ਸਕੂਲ ਏਕਤਾ ਕਲੌਨੀ ਅਬੋਹਰ ਤੋਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਖੁਦ ਨਿੱਕੇ ਨਿਆਣਿਆਂ ਨਾਲ ਬਚਪਨ ਦੀਆਂ ਖੇਡਾਂ ਖੇਡਦੇ ਨਜਰ ਆਏ ਅਤੇ ਬੱਚਿਆਂ ਲਈ ਵੀ ਇਹ ਖੁਸ਼ੀ ਦੇ ਪਲ ਸਨ ਜਦ ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਰੋਚਕ ਖੇਡਾਂ ਵਿਚ ਭਾਗ ਲਿਆ।

ਇਸ ਬਾਰੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਆਖਿਆ ਕਿ ਇਸ ਨਵੀਨਤਾਕਾਰੀ ਪ੍ਰੋਗਰਾਮ ਤਹਿਤ, ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਲਈ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਦਾ ਇੱਕ ਦਿਨ “ਬੈਗ ਮੁਕਤ ਦਿਵਸ” ਵਜੋਂ ਨਿਸਚਿਤ ਕੀਤਾ ਗਿਆ ਹੈ। ਇਸ ਦਿਨ, ਵਿਦਿਆਰਥੀ ਸਕੂਲ ਬੈਗ ਜਾਂ ਕਿਤਾਬੀ ਸਮੱਗਰੀ ਦੀ ਲੋੜ ਤੋਂ ਬਿਨਾਂ, ਰਚਨਾਤਮਕਤਾ, ਟੀਮ ਵਰਕ ਅਤੇ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਵਾਲੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣਗੇ।

ਪ੍ਰੋਗਰਾਮ ਵਿੱਚ ਸਮੂਹ ਖੇਡਾਂ, ਰਚਨਾਤਮਕ ਸੈਸ਼ਨ, ਕਹਾਣੀ ਸੁਣਾਉਣ, ਰੋਲ-ਪਲੇ, ਯੋਗਾ, ਵਿਗਿਆਨ ਪ੍ਰਯੋਗ, ਕਲਾਸ ਚਰਚਾਵਾਂ, ਅਤੇ ਬਾਹਰੀ ਗਤੀਵਿਧੀਆਂ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ। ਇਹਨਾਂ ਗਤੀਵਿਧੀਆਂ ਦਾ ਉਦੇਸ਼ ਇੱਕ ਤਣਾਅ-ਮੁਕਤ ਸਿੱਖਣ ਅਨੁਭਵ ਪ੍ਰਦਾਨ ਕਰਨਾ, ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ, ਵਿਦਿਆਰਥੀਆਂ ਅੰਦਰ ਕਲਪਨਾ ਸ਼ਕਤੀ ਨੂੰ ਪ੍ਰਫੁਲਿਤ ਕਰਦਿਆਂ ਅਤੇ ਉਨ੍ਹਾਂ ਦਾ ਸਮੁੱਚਾ ਵਿਕਾਸ ਕਰਨਾ ਹੈ। ਸਰਕਾਰੀ ਪ੍ਰਾਈਮਰੀ ਸਕੂਲਾਂ ਦੀਆਂ ਪ੍ਰੀ ਪ੍ਰਾਈਮਰੀ ਅਤੇ ਪ੍ਰਾਈਮਰੀ ਦੋਨਾਂ ਪ੍ਰਕਾਰ ਦੀਆਂ ਜਮਾਤਾਂ ਵਿਚ ਇਹ ਬੈਗ ਫਰੀ ਦਿਵਸ ਹੋਇਆ ਕਰੇਗਾ।

ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕਿਹਾ, “ਇਸ ਤਰਾਂ ਦੀ ਕੋਸ਼ਿਸ ਨਾਲ ਅਸੀਂ ਛੋਟੇ ਬੱਚਿਆਂ ਦੇ ਮਨ ਵਿਚ ਸਕੂਲ ਦੇ ਪਾਠਕ੍ਰਮ ਦੇ ਬੋਝ ਨੂੰ ਘੱਟ ਕਰਕੇ ਉਨ੍ਹਾਂ ਨੂੰ ਖੇਡ ਖੇਡ ਅਤੇ ਮਨੋਰੰਜਕ ਤਰੀਕੇ ਨਾਲ ਸਿੱਖਣ ਲਈ ਉਤਸਾਹਿਤ ਕਰਾਂਗੇ। ਇਸ ਨਾਲ ਵਿਦਿਆਰਥੀ ਲਈ ਸਕੂਲ ਪ੍ਰਤੀ ਖਿੱਚ ਵਧੇਗੀ ਅਤੇ ਉਸਦੇ ਸਰਵਪੱਖੀ ਵਿਕਾਸ ਦਾ ਰਾਹ ਖੁੱਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਕੌਮੀ ਸਿੱਖਿਆ ਨੀਤੀ ਤੋਂ ਸੇਧ ਲੈ ਕੇ ਉਲੀਕਿਆ ਗਿਆ ਪ੍ਰੋਗਰਾਮ ਹੈ।”

ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਪਹਿਲ ਕਦਮੀ ਨਾਲ ਅਧਿਆਪਕਾਂ ਵਿਚ ਵੀ ਨਵੀਂ ਤਾਜਗੀ ਆਵੇਗੀ ਅਤੇ ਅਧਿਆਪਕ ਵਿਦਿਆਰਥੀ ਸਬੰਧ ਗੂੜੇ ਹੋਣ ਦੇ ਨਾਲ ਨਾਲ ਇਸ ਪ੍ਰੋਗਰਾਮ ਅਧਿਆਪਕਾਂ ਵਿਚ ਵੀ ਤਨਾਅ ਨੂੰ ਘੱਟ ਕਰਕੇ ਉਨ੍ਹਾਂ ਦੀ ਆਧਿਆਪਨ ਕਾਰਜਕੁਸ਼ਲਤਾ ਵਿਚ ਵਾਧਾ ਕਰਨ ਵਾਲਾ ਹੋਵੇਗਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸ਼ਿਵਪਾਲ, ਬਲਾਕ ਪ੍ਰਾਈਮਰੀ ਅਫ਼ਸਰ ਸ੍ਰੀ ਅਜੈ ਕੁਮਾਰ ਛਾਬੜਾ ਅਤੇ ਭਾਲਾ ਰਾਮ, ਸਕੂਲ ਹੈਡ ਰੇਣੂ ਬਾਲਾ, ਡੀਡੀਐਫ ਅਭਿਸ਼ੇਕ ਕੁਮਾਰ, ਨੋਡਲ ਅਫ਼ਸਰ ਵਿਜੈ ਕੁਮਾਰ, ਸ੍ਰੀ ਪ੍ਰਦੀਪ ਸ਼ਰਮਾ ਤੇ ਸਮੂਹ ਸਟਾਫ ਹਾਜਰ ਸਨ।

About The Author

Leave a Reply

Your email address will not be published. Required fields are marked *