ਨਵੇ ਬਾਗ ਲਗਾਉਣ ਵਾਲੇ ਅਤੇ ਲਗੇ ਹੋਏ ਬਾਗਾਂ ਦੇ ਕਿਸਾਨਾਂ ਲਈ ਬਾਗਬਾਨੀ ਵਿਭਾਗ ਵੱਲੋਂ ਜਰੂਰੀ ਸਲਾਹ
ਫਾਜ਼ਿਲਕਾ, 10 ਜੁਲਾਈ 2024 : ਸਹਾਇਕ ਡਾਇਰੈਕਟਰ ਬਾਗਬਾਨੀ ਅਬੋਹਰ ਸ਼੍ਰੀ ਜਤਿੰਦਰ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਜੁਲਾਈ—ਅਗਸਤ ਮਹੀਨਾ ਨਵੇਂ ਬਾਗ ਲਗਾਉਣ ਲਈ ਢੁਕਵਾਂ ਹੈ, ਸੋ ਨਵੇਂ ਬਾਗ ਲਗਾਉਣ ਲਈ ਜਰੂਰੀ ਵਿਊਂਤਬੰਦੀ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਕਿ ਜਿਵੇਂ ਹੁਣ ਤੇ ਆਉਣ ਵਾਲਾ ਸਮਾਂ ਬਰਸਾਤਾਂ ਦਾ ਮੌਸਮ ਹੈ, ਸੋ ਨਵੇਂ ਲੱਗੇ ਬਾਗਾਂ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਪਹਿਲਾਂ ਤੋਂ ਹੀ ਕਰ ਲਿਆ ਜਾਵੇ ਅਤੇ ਨਿੰਬੂ ਜਾਤੀ ਦੇ ਬਾਗਾਂ ਵਿੱਚ ਜੜ੍ਹਾਂ ਦੇ ਗਾਲੇ ਦੀ ਰੋਕਥਾਮ ਲਈ ਰਿਡੋਮਿਲ ਗੋਲਡ ਐਮ.ਜੈਡ ਜਾਂ ਕਰਜਟ ਐਮ.8 ਦਵਾਈ ਨੂੰ 25 ਗ੍ਰਾਮ/10 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਜਮੀਨ ਵਿੱਚ ਗੜੁੱਚ ਕਰੋ ਤਾਂ ਜੇਕਰ ਬਾਗਾਂ ਵਿੱਚ ਪਾਣੀ ਖੜਦਾ ਹੈ ਤਾਂ ਬੂਟੇ ਪਾਣੀ ਨੂੰ ਸਹਾਰ ਸਕਣ।
ਉਨ੍ਹਾਂ ਕਿਹਾ ਕਿ ਫਲਦਾਰ ਬੂਟਿਆਂ ਦੇ ਮੁੱਢਾਂ ਨੂੰ ਤਿੱਖੀ ਧੁੱਪ ਤੋਂ ਬਚਾਉਣ ਲਈ ਕਲੀ ਦੇ ਘੋਲ ਦਾ ਲੇਪ ਕੀਤਾ ਜਾ ਸਕਦਾ ਹੈ। ਨਿੰਬੂ ਜਾਤੀ ਦੇ ਬਾਗਾਂ ਵਿੱਚ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਜਿੰਕ ਸਲਫੇਟ (21 ਫੀਸਦੀ) 4.7 ਗ੍ਰਾਮ ਅਤੇ ਮੈਗਨੀਜ਼ ਸਲਫੇਟ 3.3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰਨ ਲਈ ਇਹ ਬੜਾ ਢੁੱਕਵਾਂ ਸਮਾਂ ਹੈ ਅਤੇ ਪੋਟਾਸ਼ ਤੱਤ ਦੀ ਘਾਟ ਦੀ ਪੂਰਤੀ ਲਈ ਪੋਟਾਸ਼ੀਅਮ ਨਾਈਟ੍ਰੇਟ(13:0:45) 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ।ਅਮਰੂਦ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਲਈ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਲਗਾੳ।