ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਾਜ਼ਿਲਕਾ ਵਿਖੇ ਵਿਸ਼ਵ ਜੂਨੋਸਿਸ ਦਿਵਸ ਦੇ ਸਬੰਧ ਵਿੱਚ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਦਾ ਆਯੋਜਨ

0

–  ਪਾਲਤੂ ਜਾਨਵਰਾਂ ਨੂੰ ਹਲਕਾਅ ਤੋਂ ਬਚਾਅ ਲਈ ਹਰ ਸਾਲ ਟੀਕਾਕਰਨ ਕਰਵਾਉਣਾ ਜ਼ਰੂਰੀ – ਸਿਵਲ ਸਰਜਨ

ਫਾਜ਼ਿਲਕਾ, 6 ਜੁਲਾਈ 2024 : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਦੀ ਪ੍ਰਧਾਨਗੀ ਵਿੱਚ ਵਿਸ਼ਵ ਜੂਨੋਸੈਸ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਪਸ਼ੂ ਪਾਲਣ ਵਿਭਾਗ ਫਾਜਿਲਕਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਾਜਿਲਕਾ ਵਿਖੇ ਆਯੋਜਿਤ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਇਹ ਦਿਨ ਮਨਾਉਣ ਦਾ ਮਕਸਦ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹਲਕਾਅ, ਸਵਾਇਨ ਫਲੂ, ਜਾਪਾਨੀ ਇਨਸਫ਼ਲਾਈਟਸ, ਬਰਡ ਫਲੂ, ਲੈਪਟੋਸਪਾਈਰੋਸਿਸ ਤੋਂ ਬਚਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਨ੍ਹਾਂ ਬਿਮਾਰੀਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਹਨ ਜੋ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਦੀਆਂ ਹਨ। ਉਹਨਾਂ ਕਿਹਾ ਕਿ ਸਾਡੇ ਦੇਸ ਵਿੱਚ ਹਲਕਾਅ (ਰੇਬੀਜ਼) ਦੀ ਬਿਮਾਰੀ ਆਮ ਪ੍ਰਚੱਲਿਤ ਹੈ ਜੋ ਕਿ ਹਲਕੇ ਕੁੱਤੇ ਦੇ ਕੱਟਣ ਨਾਲ ਮਨੁੱਖ ਨੂੰ ਹੋ ਸਕਦੀ ਹੈ, ਪਰ ਇਹ ਬਿਮਾਰੀ ਖ਼ਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਾਰਾਂ ਦੇ ਕੱਟਣ ਨਾਲ ਵੀ ਹੋ ਸਕਦੀ ਹੈ।

ਡਾ. ਗੁਰਚਰਨ ਸਿੰਘ ਅਤੇ ਡਾ ਸੁਨੀਤਾ ਕੰਬੋਜ ਨੇ ਦੱਸਿਆ ਕਿ ਕੁੱਤੇ ਤੁਹਾਡੇ ਦੋਸਤ ਹੋ ਸਕਦੇ ਹਨ ਪਰ ਜਦੋਂ ਇਨ੍ਹਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਤੁਹਾਨੂੰ ਕੱਟ ਵੀ ਸਕਦੇ ਹਨ। ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ ਅਤੇ ਜੇਕਰ ਕੁੱਤਾ ਕੱਟ ਜਾਂਦਾ ਹੈ ਤਾਂ ਜਖਮ ਨੂੰ ਤੁਰੰਤ ਚਲਦੇ ਪਾਣੀ ਅਤੇ ਸਾਬਣ ਨਾਲ ਧੋਵੋ, ਮੌਕੇ ਤੇ ਉਪਲਬਧ ਡਿਸਇਨਫੈਕਟੈਂਟ ਲਗਾਓ ਅਤੇ ਮੁੱਢਲੀ ਸਹਾਇਤਾ ਲਈ ਮਾਹਿਰ ਡਾਕਟਰ ਕੋਲ ਸਿਹਤ ਕੇਂਦਰ ਜਾਓ ਅਤੇ ਐਂਟੀ ਰੇਬੀਜ਼ ਦੇ ਟੀਕੇ ਲਗਵਾਓ। ਉਨ੍ਹਾਂ ਕਿਹਾ ਕਿ ਆਪਣੇ ਪਾਲਤੂ ਜਾਨਵਰਾਂ ਨੂੰ 3 ਮਹੀਨਿਆਂ ਦੀ ਉਮਰ ਤੇ ਹਲਕਾਅ ਦਾ ਟੀਕਾ ਸ਼ੁਰੂ ਕਰਕੇ ਹਰ ਸਾਲ ਹਲਕਾਅ ਵਿਰੁੱਧ ਟੀਕਾਕਰਨ ਜ਼ਰੂਰ ਕਰਵਾਓ।

ਉਨ੍ਹਾਂ ਕਿਹਾ ਕਿ ਜਾਨਵਰਾਂ ਦੇ ਵੱਢੇ/ਕੱਟੇ/ਝਰੀਟਾਂ/ਜਖਮਾਂ ਨੂੰ ਨਜ਼ਰ ਅੰਦਾਜ਼ ਨਾ ਕਰੋ, ਜਖਮਾਂ ਤੇ ਮਿਰਚਾਂ, ਸਰੋਂ  ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ, ਜਖਮ ਨੂੰ ਟਾਂਕੇ ਨਾ ਲਗਾਓ ਅਤੇ ਨਾ ਹੀ ਪੱਟੀ ਬੰਨੋ। ਆਪਣੇ ਬੱਚਿਆਂ ਨੂੰ ਆਵਾਰਾ ਜਾਨਵਰਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੋ ਅਤੇ ਅੰਧ ਵਿਸ਼ਵਾਸ਼ਾਂ ਤੋਂ ਬਚੋ। ਆਪਣੇ ਪਾਲਤੂ ਜਾਨਵਰਾਂ ਨੂੰ ਜਨਤਕ ਜਾਂ ਖੁੱਲੀਆਂ ਥਾਵਾਂ ਤੇ ਖੁੱਲ੍ਹਾ ਨਾ ਛੱਡੋ। ਆਪਣੇ ਪਸ਼ੂਆਂ ਨੂੰ ਡੀਲ  ਕਰਨ ਤੋਂ ਤੁਰੰਤ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਨ ਨਾਲ ਧੋਣਾ ਚਾਹੀਦਾ ਹੈ ਤਾਂ ਜੋ ਆਪਾਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਇਨ੍ਹਾਂ ਬਿਮਾਰੀਆਂ ਤੋ ਬਚਾਅ ਸਕੀਏ। ਇਸ ਤੋਂ ਇਲਾਵਾ ਮੱਛਰਾਂ, ਮੁਰਗਿਆਂ ਤੋਂ ਵੀ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਅ ਕੇ ਰੱਖੋ।  ਉਨ੍ਹਾਂ ਸਵਾਇਨ ਫਲੂ, ਬਰਡ ਫਲੂ, ਜਾਪਾਨੀਜ਼ ਇਨਸਫਲਾਈਟਿਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਵਿਨੋਦ ਖੁਰਾਣਾ ਅਤੇ ਦਿਵੇਸ਼ ਕੁਮਾਰ ਨੇ ਵੀ ਜਾਣਕਾਰੀ ਸਾਂਝੀ ਕੀਤੀ। ਸਮਾਗਮ ਵਿੱਚ ਜ਼ਿਲ੍ਹਾ ਐਪੀਡਮੈਲੋਜਿਸਟ ਡਾ ਸੁਨੀਤਾ ਕੰਬੋਜ਼, ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਚਰਨ ਸਿੰਘ, ਵੈਟਨਰੀ ਅਫ਼ਸਰ ਡਾ. ਨਿਪੁੰਨ, ਪ੍ਰਿੰਸੀਪਲ ਸੁਤੰਤਰ ਪਾਲਕ, ਆਕਾਸ਼ ਡੋਡਾ, ਸੰਦੀਪ ਕਟਾਰੀਆ, ਮਾਸ ਮੀਡੀਆ ਬ੍ਰਾਂਚ ਤੋਂ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਹਰਮੀਤ ਸਿੰਘ ਅਤੇ ਸੁਖਦੇਵ ਸਿੰਘ ਨੇ ਵੀ ਭਾਗ ਲਿਆ।

About The Author

Leave a Reply

Your email address will not be published. Required fields are marked *

error: Content is protected !!