ਬਰਸਾਤ ਕਾਰਨ ਖਰਾਬ ਹੋਈ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਦੀ ਰੋਡ ਹੋਈ ਠੀਕ
– ਤਹਿਸੀਲ ਕੰਪਲੈਕਸ ’ਚ ਕੰਮ ਕਰਵਾਉਣ ਆਏ ਲੋਕਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ : ਐਸ.ਡੀ.ਐਮ
ਹੁਸ਼ਿਆਰਪੁਰ, 4 ਜੁਲਾਈ 2024 : ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਨੇ ਕਿਹਾ ਕਿ ਤਹਿਸੀਲ ਪ੍ਰੀਸ਼ਦ ਵਿਚ ਬਰਸਾਤ ਕਾਰਨ ਖਰਾਬ ਸੜਕ ਨੂੰ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਠੀਕ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੇਂ ਤਹਿਸੀਲ ਕੰਪਲੈਕਸ ਦੇ ਨਿਰਮਾਣ ਕਾਰਜ ਅਤੇ ਤੇਜ਼ ਬਰਸਾਤ ਕਾਰਨ ਤਹਿਸੀਲ ਪ੍ਰੀਸ਼ਦ ਦੇ ਅੰਦਰ ਸੜਕ ਵਿਚ ਪਾਣੀ ਖੜ੍ਹਾ ਹੋ ਗਿਆ ਸੀ, ਜਿਸ ਨੂੰ ਤੁਰੰਤ ਠੀਕ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਰਸਾਤ ਕਾਰਨ ਲੋਕਾਂ ਨੂੰ ਕੁਝ ਅਸੁਵਿਧਾ ਹੋਈ ਸੀ, ਜਿਸ ਲਈ ਤੁਰੰਤ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਹਿਸੀਲ ਪ੍ਰੀਸ਼ਦ ਵਿਚ ਕੰਮ ਕਰਵਾਉਣ ਆਏ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਤਹਿਸੀਲ ਕੰਪਲੈਕਸ ਦੇ ਪੁਨਰ ਨਿਰਮਾਣ ਉਪਰੰਤ ਇਥੇ ਆਉਣ ਵਾਲੇ ਲੋਕਾਂ ਦੀ ਹਰ ਛੋਟੀ ਤੋਂ ਵੱਡੀ ਪ੍ਰੇਸ਼ਾਨ ਦਾ ਹੱਲ ਹੋ ਜਾਵੇਗਾ।
ਐਸ.ਡੀ.ਐਮ ਨੇ ਦੱਸਿਆ ਕਿ ਕੁਝ ਮਹੀਨਿਆਂ ਵਿਚ ਹੀ ਤਹਿਸੀਲ ਪ੍ਰੀਸ਼ਦ ਦਾ ਪੁਨਰ ਨਿਰਮਾਣ ਹੋ ਜਾਵੇਗਾ ਅਤੇ ਲੋਕਾਂ ਨੂੰ ਇਥੇ ਬੜੀ ਸੁਵਿਧਾ ਮਿਲੇਗੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਤਹਿਸੀਲ ਕੰਪਲੈਕਸ ਕਰੀਬ 6.50 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਤਹਿਸੀਲ ਕੰਪਲੈਕਸ ਵਿਚ ਹੋਣ ਵਾਲੇ ਨਿਰਮਾਣ ਕਾਰਜ ਵਿਚ ਐਸ.ਡੀ.ਐਮ ਦਫ਼ਤਰ, ਐਸ.ਡੀ.ਐਮ ਕੋਰਟ, ਤਹਿਸੀਲਦਾਰ ਦਫ਼ਤਰ, ਤਹਿਸੀਲਦਾਰ ਕੋਰਟ, ਸਬ ਰਜਿਸਟਰਾਰ ਦਫ਼ਤਰ, ਕੰਟੀਨ, ਲੋਕਾਂ ਲਈ ਵੇਟਿੰਗ ਏਰੀਆ, ਮੀਟਿੰਗ ਰੂਮ, ਫਰਦ ਸੈਂਟਰ ਅਤੇ ਰਿਕਾਰਡ ਰੂਮ ਆਦਿ ਸ਼ਾਮਲ ਹਨ।