ਜਲੰਧਰ ਪੱਛਮੀ ਉਪ-ਚੋਣ : ‘ਆਪ’ ਮਜ਼ਬੂਤ, ਕਾਂਗਰਸ ਸੰਘਰਸ਼ੀਲ, ਭਾਜਪਾ ਦੁਚਿੱਤੀ ਚ
ਜਲੰਧਰ, 29 ਜੂਨ 2024 : ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫਾ ਦੇ ਕੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਪੱਛਮੀ ਸੀਟ ਤੋਂ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਣ ਕਾਰਨ ਇਸ ਉਪ ਚੋਣ ਦੀ ਦੌੜ ਦਿਲਚਸਪ ਹੋ ਗਈ ਹੈ।
ਭਾਜਪਾ ਨੇ ਇਸ ਸੀਟ ਤੋਂ ਵਿਵਾਦਗ੍ਰਸਤ ਅੰਗੁਰਾਲ ਨੂੰ ਮੈਦਾਨ ‘ਚ ਉਤਾਰਿਆ ਹੈ ਜਦਕਿ ਕਾਂਗਰਸ ਆਪਣੀ ਦਿੱਗਜ ਆਗੂ ਸੁਰਿੰਦਰ ਕੌਰ ‘ਤੇ ਟਿਕੀ ਹੋਈ ਹੈ ਜੋ ਸ਼ਹਿਰ ਦੀ ਡਿਪਟੀ ਮੇਅਰ ਰਹਿ ਚੁੱਕੀਆਂ ਹਨ। ਸੱਤਾਧਾਰੀ ‘ਆਪ’ ਨੇ ਪੰਜਾਬ ਦੇ ਸਾਬਕਾ ਮੰਤਰੀ ਚੂਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਭਗਤ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਹੈ। ਭਾਵੇਂ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਵੀ ਮੈਦਾਨ ਵਿੱਚ ਹਨ ਪਰ ਮੁੱਖ ਮੁਕਾਬਲਾ ਕਾਂਗਰਸ, ਆਪ ਅਤੇ ਭਾਜਪਾ ਵਿਚਾਲੇ ਹੈ।
ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਵੇਂ ਕਾਂਗਰਸ ਨੇ ਭਾਜਪਾ ਤੋਂ ਮਾਮੂਲੀ ਲੀਡ ਲੈ ਲਈ ਸੀ ਅਤੇ ਆਮ ਆਦਮੀ ਪਾਰਟੀ ਤੀਜੇ ਨੰਬਰ ‘ਤੇ ਆ ਗਈ ਸੀ ਪਰ ਹੁਣ ਹਾਲਾਤ ਬਹੁਤ ਬਦਲ ਗਏ ਹਨ। ਕਾਂਗਰਸ ਪਾਰਟੀ ਇਸ ਸੀਟ ‘ਤੇ ਆਪਣੇ ਉਮੀਦਵਾਰ ਦੇ ਨਾਨ-ਪ੍ਰਫਾਰਮਰ ਟੈਗ ਦੇ ਨਾਲ ਸੰਘਰਸ਼ ਕਰ ਰਹੀ ਹੈ ਕਿਉਂਕਿ ਉਸ ਕੋਲ ਡਿਪਟੀ ਮੇਅਰ ਵਜੋਂ ਆਪਣੇ ਕਾਰਜਕਾਲ ਬਾਰੇ ਕੋਈ ਠੋਸ ਗੱਲ ਨਹੀਂ ਹੈ। ਇਸ ਤੋਂ ਇਲਾਵਾ ਉਸ ਦੇ ਵਾਰਡ ਤੋਂ ਬਾਹਰ ਉਸ ਦਾ ਪ੍ਰਭਾਵ ਘੱਟ ਹੈ ਅਤੇ ਚੋਟੀ ਦੇ ਕਾਂਗਰਸੀ ਆਗੂਆਂ ਦਾ ਕਾਰਨਾਂ ਕਰਕੇ ਪ੍ਰਚਾਰ ਤੋਂ ਦੂਰ ਰਹਿਣਾ ਹਰ ਕਿਸੇ ਨ੍ਹ ਚੁਭ ਰਿਹਾ ਹੈ ।
ਦੂਜੇ ਪਾਸੇ ਭਾਜਪਾ ਨੇ ਇਸ ਸੀਟ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਬਣਾਇਆ ਹੈ। ਪਰ ਆਪ ਆਗੂ ਨਾਲ ਜੁੜੇ ਨਿੱਜੀ ਵਿਵਾਦਾਂ ਭਗਵਾ ਪਾਰਟੀ ਪਛੜ ਰਹੀ ਹੈ ਅਤੇ ਸੀਨੀਅਰ ਆਗੂ ਅੰਗੁਰਾਲ ਦੀ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ ਅਤੇ ਇਸ ਵਿੱਚ ਬੇਚੈਨੀ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਪੱਛਮ ਵਿਚ ਅਪਰਾਧੀਆਂ ਦੀ ਸਰਪ੍ਰਸਤੀ ਦੇ ਖੁੱਲ੍ਹੇ ਦੋਸ਼ ਵੀ ਅੰਗੁਰਾਲ ਨੂੰ ਔਖਾ ਸਮਾਂ ਦੇ ਰਹੇ ਹਨ।
ਇਸ ਦੇ ਉਲਟ ‘ਆਪ’ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਚਲਾਈ ਜਾ ਰਹੀ ਨਿਰਵਿਘਨ ਮੁਹਿੰਮ ਨੇ ਇਸ ਸੀਟ ‘ਤੇ ‘ਆਪ’ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰ ਦਿੱਤਾ ਹੈ। ਮੁੱਖ ਮੰਤਰੀ ਜਿੱਥੇ ਕਿਰਾਏ ‘ਤੇ ਘਰ ਲੈ ਕੇ ਜਲੰਧਰ ਸ਼ਿਫਟ ਹੋ ਗਏ ਹਨ, ਉੱਥੇ ਹੀ ਜਿਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਡਿਊਟੀ ਸੌਂਪੀ ਗਈ ਹੈ, ਉਹ ਵੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਮਹਿੰਦਰ ਭਗਤ ਦਾ ਸੰਜੀਦਾ ਅਤੇ ਸੁਹਿਰਦ ਅਕਸ, ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਉਨ੍ਹਾਂ ਦਾ ਮਜ਼ਬੂਤ ਸੰਪਰਕ ਅਤੇ ਹਲਕੇ ਵਿੱਚ ਉਨ੍ਹਾਂ ਦੇ ਪਿਤਾ ਦੀ ਮਜ਼ਬੂਤ ਪਕੜ ਵੀ ਉਨ੍ਹਾਂ ਦੀ ਮੁਹਿੰਮ ਨੂੰ ਮਜ਼ਬੂਤ ਕਰ ਰਹੀ ਹੈ।