ਬੀ.ਐਸ.ਐਫ, ਬੀ.ਐਨ.52 ਫਾਜਿਲਕਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ ਕਰਵਾਇਆ

ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਨੋਜਵਾਨਾਂ ਦਾ ਨਸ਼ਾ ਛੱਡਣ ਵਿੱਚ ਕੀਤਾ ਜਾਵੇ ਸਹਿਯੋਗ: ਡਾ ਪਿਕਾਕਸ਼ੀ ਅਰੋੜਾ

ਫਾਜ਼ਿਲਕਾ, 22 ਜੂਨ

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ। ਜਿਸ ਅਧੀਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਪ੍ਰਧਾਨਗੀ ਵਿੱਚ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸ਼ਕਰੀ ਵਿਰੋਧੀ ਦਿਵਸ ਦੇ ਸਬੰਧ ਵਿੱਚ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਡਾ ਚੰਦਰ ਸ਼ੇਖਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 26 ਜੂਨ ਤੱਕ ਨਸ਼ਾ ਵਿਰੋਧੀ ਅਤੇ ਨਸ਼ਾ ਛੱਡਣ ਦੇ ਚਾਹਵਾਨਾਂ ਲਈ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ।

ਡਾ ਪਿਕਾਕਸ਼ੀ ਅਰੋੜਾ ਨੇ ਕਿਹਾ ਕਿ ਨਸ਼ਾ ਕਰਨ ਵਾਲਿਆਂ ਨਾਲ ਘ੍ਰਿਣਾ ਦੀ ਬਜਾਏ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਇਆ ਜਾਵੇ।  ਉਹਨਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨਾ ਸਾਡੇ ਸਰੀਰ ਲਈ, ਸਮਾਜ ਲਈ ਅਤੇ ਦੇਸ਼ ਲਈ ਘਾਤਕ ਹੈ। ਨਸ਼ਾਖੋਰੀ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ। ਇਹ ਉਹ ਸਮਾਜਿਕ ਬੁਰਾਈ ਅਤੇ ਗੰਭੀਰ ਸਮੱਸਿਆ ਹੈ ਜਿਸ ਨਾਲ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਹੋਰ ਕਈ ਸੰਸਥਾਵਾਂ ਪ੍ਰਭਾਵਿਤ ਹਨ। ਨਸ਼ੇ ਦੀ ਸ਼ੁਰੂਆਤ ਭਾਵੇ ਸ਼ੌਕ ਵਿੱਚ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਇਹ ਆਦਤ ਬਣ ਜਾਂਦੀ ਹੈ। ਜਦੋਂ ਨਸ਼ੇ ਦੀ ਪੂਰਤੀ ਨਹੀ ਹੁੰਦੀ ਤਾਂ ਨੌਜਵਾਨ ਅਤੇ ਕਿਸ਼ੋਰ ਗੈਰ ਸਮਾਜੀ ਰਸਤਾ ਅਖਤਿਆਰ ਕਰ ਲੈਦੇ ਹਨ।

ਉਹਨਾਂ ਦੱਸਿਆ ਕਿ ਨਸ਼ੇ ਦਾ ਆਦੀ ਮਨੁੱਖ ਜਿੱਥੇ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ, ਉੱਥੇ ਸਮਾਜਿਕ ਤੌਰ ਤੇ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਮਾਨਸਿਕ ਗੁਲਾਮੀ ਵਿੱਚ ਜਕੜਿਆ ਜਾਂਦਾ ਹੈ ਤੇ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਇਹ ਜਾਣਦਾ ਹੋਇਆ ਕਿ ਉਹ ਮੌਤ ਦੇ ਮੂੰਹ ਵੱਲ ਜਾ ਰਿਹਾ ਹੈ, ਇਸ ਤੋਂ ਛੁਟਕਾਰਾ ਪਾਉਣ ਦੀ ਬਜ਼ਾਏ ਆਪਣੇ ਨਾਲ ਸਮੂਹ ਪਰਿਵਾਰ ਨੂੰ ਨਰਕ ਭੋਗਣ ਲਈ ਮਜਬੂਰ ਕਰਦਾ ਹੈ। ਸਮਾਜ ਦੇ ਆਮ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਇਸ ਸਮੱਸਿਆ ਬਾਰੇ ਜਾਗਰੂਕ ਕਰਨ ਲਈ ਡੈਪੋ ਅਤੇ ਬਡੀ ਪ੍ਰੋਗਰਾਮਾਂ ਨੂੰ ਵੀ ਸਫ਼ਲਤਾ ਪੂਰਵਕ ਚਲਾਇਆ ਗਿਆ, ਜਿਸ ਨਾਲ ਸਮਾਜ ਦੀ ਸੋਚ ਨੂੰ ਕਾਫ਼ੀ ਹਦ ਤੱਕ ਬਦਲਿਆ ਗਿਆ ਹੈ।

ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਦਲਦਲ ਤੋਂ ਬਚਣ ਅਤੇ ਜ਼ੋ ਪਰਿਵਾਰ ਦੇ ਮੈਂਬਰ ਨਸ਼ੇ ਕਰਦੇ ਹਨ, ਉਹਨਾਂ ਨੂੰ ਪੂਰਣ ਸਹਿਯੋਗ ਦੇ ਕੇ ਨਸ਼ਾ ਛੁਡਾਉਣ ਵਿੱਚ ਮੱਦਦ ਕਰਨ। ਉਹਨਾਂ ਸਮਾਜ ਵਿਰੋਧੀ ਅਨਸਰ, ਜ਼ੋ ਗੈਰ ਕਾਨੂੰਨੀ ਨਸ਼ਾ ਵੇਚਦੇ ਹਨ, ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਵੀ ਅਪੀਲ ਕੀਤੀ। ਇਸ ਸਮੇਂ ਸਮੂਹ ਹਾਜ਼ਰੀਨ ਨੇ ਨਸ਼ਾ ਨਾ ਕਰਨ ਅਤੇ ਨਸ਼ਾ ਛੱਡਣ ਵਾਲਿਆਂ ਦੀ ਸਹਾਇਤਾ ਕਰਨ ਸਬੰਧੀ ਪ੍ਰਣ ਲਿਆ।

ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ ਅਤੇ ਦਿਵੇਸ਼ ਕੁਮਾਰ ਹਾਜ਼ਰ ਸਨ।

About The Author

error: Content is protected !!