10 ਕਰੋੜ ਰੁਪਏ ਦੀ ਲਾਗਤ ਨਾਲ ਪਟਿਆਲਾ ’ਚ ਲੱਗੇਗਾ ਅਤਿ ਆਧੁਨਿਕ ਸਕਿੱਲ ਸੈਂਟਰ

ਪਟਿਆਲਾ, 21 ਜੂਨ 2024 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਤੇ ਇੰਡਸਟਰੀ ਦੀਆਂ ਤਕਨੀਕੀ ਸਮੱਸਿਆਵਾਂ ਦੇ ਹੱਲ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪਟਿਆਲਾ ਵਿਖੇ ਅਤਿ ਆਧੁਨਿਕ ਟੈਕਨਾਲੋਜੀ ਐਕਸਟੈਨਸ਼ਨ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਸੈਂਟਰ ਭਾਰਤ ਸਰਕਾਰ, ਦੇ ਮਨਿਸਟਰੀ ਆਫ਼ ਐੱਮ.ਐੱਸ.ਐੱਮ.ਈ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਨੂੰ ਸਥਾਪਿਤ ਕਰਨ ’ਤੇ 10 ਕਰੋੜ ਰੁਪਏ ਦੀ ਲਾਗਤ ਆਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਟੈਕਨਾਲੋਜੀ ਐਕਸਟੈਨਸ਼ਨ ਸੈਂਟਰ ਸੈਂਟਰਲ ਟੂਲ ਰੂਮ ਲੁਧਿਆਣਾ ਦੀ ਤਰਜ਼ ’ਤੇ ਅਤੇ ਉਨ੍ਹਾਂ ਵੱਲੋਂ ਹੀ ਚਲਾਇਆ ਜਾਵੇਗਾ।
ਇਸ ਸਕਿੱਲ ਸੈਂਟਰ ਵਿਚ ਲੋਕਲ ਇੰਡਸਟਰੀ ਦੀ ਜ਼ਰੂਰਤ ਅਨੁਸਾਰ ਸਕਿੱਲ ਟਰੇਨਿੰਗ ਦਿੱਤੀ ਜਾਵੇਗੀ ਅਤੇ ਸੈਂਟਰ ਵਿਚ ਇੰਡਸਟਰੀ ਨੂੰ ਆ ਰਹੀਆਂ ਤਕਨੀਕੀ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਵੇਗਾ ਅਤੇ ਇੰਡਸਟਰੀ ਦੀ ਜ਼ਰੂਰਤ ਅਨੁਸਾਰ ਨਵੀਂ ਟੈਕਨਾਲੋਜੀ ਦੇ ਪ੍ਰੋ ਟੋ ਟਾਈਪਸ ਵੀ ਤਿਆਰ ਕੀਤੇ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਨਾਲ ਪਟਿਆਲਾ ਜ਼ਿਲ੍ਹਾ ਸਕਿੱਲ ਸੈਂਟਰ ਦੇ ਤੌਰ ’ਤੇ ਆਪਣੀ ਪਹਿਚਾਣ ਬਣਾਏਗਾ। ਇਹ ਟੈਕਨਾਲੋਜੀ ਸੈਂਟਰ ਗੌਰਮਿੰਟ ਪੋਲੀਟੈਕਨਿਕ ਕਾਲਜ ਐੱਸ.ਐੱਸ.ਟੀ.ਨਗਰ ਪਟਿਆਲਾ ਵਿਖੇ ਸਥਾਪਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਪਟਿਆਲਾ ਅੰਗਦ ਸਿੰਘ ਸੋਹੀ ਨੇ ਦੱਸਿਆ ਕਿ ਇਸ ਸੈਂਟਰ ਦੇ ਸਥਾਪਤ ਹੋਣ ਨਾਲ ਨਾ ਸਿਰਫ਼ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਉੱਚ ਦਰਜੇ ਦੀ ਸਕਿੱਲ ਟਰੇਨਿੰਗ ਦਿੱਤੀ ਜਾਵੇਗੀ ਬਲਕਿ ਇਸ ਸੈਂਟਰ ਨੂੰ ਜ਼ਿਲ੍ਹੇ ਦੇ ਉਦਯੋਗਾਂ ਵੱਲੋਂ ਵੀ ਬਤੌਰ ਰਿਸਰਚ ਸੈਂਟਰ ਵਰਤਿਆ ਜਾ ਸਕੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ, ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿੱਚ ਪੜ੍ਹ ਰਹੇ ਵਿਦਿਆਰਥੀ ਵੀ ਇਨ੍ਹਾਂ ਸਕਿੱਲ ਕੋਰਸਾਂ ਨੂੰ ਕਰ ਸਕਦੇ ਹਨ ਇਸ ਨਾਲ ਉਨ੍ਹਾਂ ਨੂੰ ਬਿਹਤਰ ਰੋਜ਼ਗਾਰ ਦੇ ਮੌਕੇ ਮਿਲ ਸਕਣਗੇ।