ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਨੇ ਮਨਾਇਆ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ

– ਜ਼ਿਲ੍ਹਾ ਕਚਹਿਰੀਆਂ ਵਿਖੇ ਆਯੋਜਿਤ ਯੋਗਾ ਕੈਂਪ ਮੌਕੇ ਜੂਡੀਸ਼ੀਅਲ ਅਧਿਕਾਰੀਆਂ, ਐਡਵੋਕੇਟਸ ਅਤੇ ਸਟਾਫ ਮੈਂਬਰਾਂ ਨੇ ਲਿਆ ਹਿੱਸਾ

ਲੁਧਿਆਣਾ, 21 ਜੂਨ  2024 :  ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ਜਾਰੀ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਜ਼ਿਲ੍ਹਾ ਕਚਹਿਰੀਆਂ ਲੁਧਿਆਣਾ ਵਿਖੇ ਮਨਾਇਆ ਗਿਆ, ਜਿਸ ਵਿੱਚ ਯੋਗ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਲੁਧਿਆਣਾ ਦੇ ਜੂਡੀਸ਼ੀਅਲ ਅਧਿਕਾਰੀਆਂ, ਐਡਵੋਕੇਟਸ ਅਤੇ ਸਟਾਫ ਮੈਂਬਰਾਂ ਨੇ ਵਿਸ਼ੇਸ਼ ਤੌਰ ‘ਤੇ ਯੋਗ ਕੈਂਪ ਵਿੱਚ ਹਿੱਸਾ ਲਿਆ।

ਇਸ ਮੌਕੇ ਯੋਗਾ ਟ੍ਰੇਨਰ ਹੋਸ਼ਿਆਰ ਸਿੰਘ ਨੇ ਯੋਗਾ ਕੈਂਪ ਵਿੱਚ ਆਏ ਅਧਿਕਾਰੀਆਂ, ਐਡਵੋਕੇਟਸ ਅਤੇ ਸਟਾਫ ਮੈਂਬਰਾਂ ਨੂੰ ਯੋਗਾ ਕਰਵਾਇਆ ਅਤੇ ਦੱਸਿਆ ਕਿ ਯੋਗ ਸ਼ਰੀਰ, ਮਨ ਅਤੇ ਰੂਹ ਨੂੰ ਇਕ ਸੰਤੂਲਨ ਵਿੱਚ ਲਿਆਉਂਦਾ ਹੈ। ਭਾਰਤ ਵਿੱਚ ਪ੍ਰਚੀਨ ਸਮਿਆਂ ਤੋਂ ਹੀ ਸਮੁੱਚੀ ਸਰੀਰਕ ਤੰਦਰੁਸਤੀ ਲਈ ਇਸ ਦਾ ਅਭਿਆਸ ਕੀਤਾ ਜਾਂਦਾ ਰਿਹਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਰਵਾਇਤੀ ਯੋਗਾਂ ਅਭਿਆਸਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇੱਕ ਪੂਰਨ ਜੀਵਨ ਸ਼ੈਲੀ  ਨੂੰ ਉਤਸਾਹਤ ਕਰਨ ਵਿੱਚ ਉਨ੍ਹਾਂ ਦੇ ਪ੍ਰਭਾਵਾਂ ‘ਤੇ ਜ਼ੋਰ  ਦੇਣ ਲਈ ਹੁਣ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ।

ਜ਼ਿਲ੍ਹਾ ਕਚਹਿਰੀਆਂ ਲੁਧਿਆਣਾ ਵਿਖੇ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਡਾ. ਰਜਨੀਸ਼, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਮੈਡਮ ਰਾਧਿਕਾ ਪੂਰੀ, ਸੀ.ਜੇ.ਐਮ. ਲੁਧਿਆਣਾ, ਹਰਵਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ, ਮੈਡਮ ਨਿਰਮਲਾ ਦੇਵੀ, ਸਿਮਰਨਦੀਪ ਸਿੰਘ, ਗੁਰਦੇਵ ਸਿੰਘ, ਮੈਡਮ ਸ਼ਵੈਤਾ, ਮੈਡਮ ਪ੍ਰਭਾ ਪਰਾਸ਼ਰ, ਜੇ.ਐਮ.ਆਈ.ਸੀ. ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਹਰਵਿੰਦਰ ਸਿੰਘ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਨੇ ਯੋਗ ਕੈਂਪ ਵਿੱਚ ਆਏ ਸਮੂਹ ਅਧਿਕਾਰੀਆਂ ਅਤੇ ਐਡਵੋਕੇਟਸ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਯੋਗ ਦਿਵਸ ਦਾ ਉਦੇਸ਼ ਪੁਰਾਣੇ ਰਵਾਇਤੀ ਅਭਿਆਸਾਂ ਨੂੰ  ਉਤਸਾਹਿਤ ਕਰਨਾ ਹੈ ਅਤੇ ਉਨ੍ਹਾਂ ਦੱਸਿਆ ਕਿ ਯੋਗ ਸੰਪੂਰਨ ਜੀਵਨ ਜੀਉਣ ਦਾ ਇੱਕ ਵਧੀਆ ਤਰੀਕਾ ਹੈ ਜਿਸ ਦਾ ਅਭਿਆਸ ਪੁਰਾਣੇ ਸਮੇਂ ਤੋਂ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯੋਗ ਅਭਿਆਸ ਨਾ ਕੇਵਲ ਲੋਕਾਂ ਦੀ ਸ਼ਰੀਰਕ ਸਿਹਤ ਨੂੰ ਤੰਦਰੁਸਤ ਰੱਖਦਾ ਹੈ ਬਲਕਿ ਤਨਾਅ ਅਤੇ ਉਦਾਸੀ ਨੂੰ ਵੀ ਦੂਰ ਰੱਖਦਾ ਹੈ। ਅਖੀਰ ਵਿੱਚ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਰੋਜ਼ਾਨਾ ਥੋੜਾ ਸਮਾਂ ਕੱਢ ਕਿ ਯੋਗ ਜ਼ਰੂਰ ਕਰਨਾ ਚਾਹੰਦਾ ਹੈ।

About The Author