ਸੀ.ਐਮ. ਦੀ ਯੋਗਸ਼ਾਲਾ ਤਹਿਤ ਲਗਾਈਆਂ ਜਾ ਰਹੀਆਂ ਕਲਾਸਾਂ ’ਚ ਸ਼ਮੂਲੀਅਤ ਕਰਕੇ ਲਾਭ ਲੈਣ ਸ਼ਹਿਰ ਵਾਸੀ- ਵਿਧਾਇਕ ਵਿਜੈ ਸਿੰਗਲਾ

–  ਯੋਗਾ ਨਾਲ ਸਰੀਰ ਨੂੰ ਨਿਰੋਗ ਅਤੇ ਤੰਦਰੁਸਤੀ ਵਾਲੇ ਪਾਸੇ ਲਿਜਾਇਆ ਜਾ ਸਕਦਾ ਹੈ-ਡਿਪਟੀ ਕਮਿਸ਼ਨਰ

–  ਡਿਪਟੀ ਕਮਿਸ਼ਨਰ ਵੱਲੋਂ ਸੈਂਟਰਲ ਪਾਰਕ ਵਿਖੇ ਪੌਦਾ ਲਗਾ ਕੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਦਾ ਸੁਨੇਹਾ

–  ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਸੈਂਟਰਲ ਪਾਰਕ ਮਾਨਸਾ ਵਿਖੇ ਵਿਸ਼ਾਲ ਯੋਗ ਕੈਂਪ ਦਾ ਆਯੋਜਨ

ਮਾਨਸਾ, 21 ਜੂਨ 2024 :  ਤੰਦਰੁਸਤ ਜੀਵਨ ਲਈ ਯੋਗ ਨੂੰ ਅਪਨਾਉਣਾ ਜ਼ਰੂਰੀ ਹੈ, ਯੋਗ ਨੂੰ ਅਪਣਾ ਕੇ ਦਵਾਈਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਯੋਗ ਵਿੱਚ ਲਗਾਇਆ ਗਿਆ ਸਮਾਂ ਸਾਡੇ ਸਮੁੱਚੇ ਜੀਵਨ ਨੂੰ ਖੁਸ਼ਹਾਲ ਬਣਾਉਣ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸੈਂਟਰਲ ਪਾਰਕ, ਮਾਨਸਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਆਯੋਜਿਤ ਵਿਸ਼ਾਲ ਯੋਗਾ ਕੈਂਪ ’ਚ ਸ਼ਿਰਕਤ ਕਰਨ ਮੌਕੇ ਕੀਤਾ।

ਉਨ੍ਹਾਂ ਕਿਹਾ ਕਿ ਯੋਗ ਨੂੰ ਹਰ ਵਿਅਕਤੀ ਬੜੀ ਆਸਾਨੀ ਨਾਲ ਘਰ ਜਾਂ ਬਾਹਰ ਕਿਤੇ ਵੀ ਕਰ ਸਕਦਾ ਹੈ ਅਤੇ ਇਸਨੂੰ ਅਪਣਾ ਕੇ ਅਸੀਂ ਮਾਨਸਿਕ ਅਤੇ ਸ਼ਰੀਰਿਕ ਤੰਦਰੁਸਤੀ ਹਾਸਲ ਕਰ ਸਕਦੇ ਹਾਂ। ਯੋਗ ਲੋਕਾਂ ਨੂੰ ਸਰੀਰਿਕ ਤੌਰ ’ਤੇ ਤਾਂ ਨਿਰੋਗ ਰੱਖਦਾ ਹੀ ਹੈ, ਨਾਲ ਹੀ ਮਾਨਸਿਕ ਚੇਤੰਨਤਾ ਦਾ ਵਿਕਾਸ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਮਰਦ, ਔਰਤਾਂ, ਨੌਜਵਾਨ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਿੱਸਾ ਲੈ ਰਹੇ ਹਨ।

ਉਨ੍ਹਾਂ ਲੋਕਾਂ ਨੂੰ ਸ਼ਹਿਰ, ਮੁਹੱਲੇ, ਪਿੰਡ ਪੱਧਰ ’ਤੇ ਸੀ.ਐਮ.ਦੀ ਯੋਗਸ਼ਾਲਾ ਤਹਿਤ ਲਗਾਈਆਂ ਜਾ ਰਹੀਆਂ ਯੋਗ ਕਲਾਸਾਂ ਦਾ ਹੋਰ ਵਧੇਰੇ ਲਾਭ ਉਠਾਉਣ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਹੈਲਪਲਾਈਨ ਨੰਬਰ 76694-00500  ’ਤੇ ਸੰਪਰਕ ਕਰਕੇ, ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਯੋਗਾ ਕੈਂਪ ’ਚ ਸ਼ਾਮਿਲ ਹੋਏ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗਾ ਆਪਣੇ ਆਪ ਨਾਲ ਜੁੜਨ ਦਾ ਰਸਤਾ ਹੈ। ਯੋਗ ਸਾਨੂੰ ਵਿਰਾਸਤ ਵਿੱਚ ਰਿਸ਼ੀਆਂ ਮੁਨੀਆਂ ਤੋਂ ਹਾਸਲ ਹੋਇਆ ਹੈ , ਜਿਸਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਮਾਨਤਾ ਹਾਸਲ ਹੋਈ ਹੈ ਤੇ ਇਹ ਸਾਡੇ ਲਈ ਬੜੇ ਹੀ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਯੋਗ ਲਈ ਰੋਜਾਨਾ ਕੁਝ ਸਮਾਂ ਕੱਢ ਕੇ ਅਸੀਂ ਭੱਜ ਦੌੜ ਅਤੇ ਤਨਾਅ ਭਰੀ ਜਿੰਦਗੀ ਵਿੱਚ ਪੂਰੀ ਤਰਾਂ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਸਮਾਜ ਦੀ ਸਿਰਜਣਾਂ ਦੇ ਉਦੇਸ਼ ਨਾਲ ਸੀਐੱਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿਚ 114 ਯੋਗਸ਼ਾਲਾਵਾਂ ਚਲ ਰਹੀਆਂ ਹਨ, ਜਿੱਥੇ ਵੱਖ ਵੱਖ ਯੋਗ ਮਾਹਿਰਾਂ ਵੱਲੋਂ ਯੋਗਾ ਕਰਨ ਆਏ ਲੋਕਾਂ ਨੂੰ ਯੋਗ ਆਸਣ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕਲਾਸਾਂ ਦਾ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਸਰੀਰ ਨੂੰ ਨਿਰੋਗ ਅਤੇ ਤੰਦਰੁਸਤੀ ਵਾਲੇ ਪਾਸੇ ਲਿਜਾਇਆ ਜਾ ਸਕੇ। ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਸੈਂਟਰਲ ਪਾਰਕ ਵਿਖੇ ਪੌਦਾ ਲਗਾ ਕੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਦਾ ਸੁਨੇਹਾ ਦਿੱਤਾ ਗਿਆ।

ਇਸ ਮੌਕੇ ਯੋਗ ਇੰਸਟਰਕਟਰ ਡਾ. ਵਰਿੰਦਰ ਕੁਮਾਰ, ਨੋਡਲ ਅਫ਼ਸਰ ਨੇ ਹਾਜ਼ਰੀਨ ਨੂੰ ਵੱਖ ਵੱਖ ਆਸਣ ਕਰਵਾਏ ਅਤੇ ਯੋਗ ਪ੍ਰਕਿਰਿਆ ਤੇ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਜੰਗਲਾਤ ਵਿਭਾਗ ਵੱਲੋਂ ਪੌਦੇ ਅਤੇ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਵੱਲੋਂ ਜੂਟ ਦੇ ਥੈਲਿਆਂ ਦੀ ਵੰਡ ਕਰਕੇ ਸ਼ੁੱਧ ਵਾਤਾਵਰਣ ਦਾ ਸੁਨੇਹਾ ਦਿੱਤਾ ਗਿਆ। ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਨਮਿਤਾ ਗਰਗ ਵੱਲੋਂ ਆਏ ਹੋਏ ਪਤਵੰਤਿਆਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਐਚ.ਐਸ. ਗਰੇਵਾਲ, ਸਿਵਲ ਜੱਜ ਜੂਨੀਅਰ ਡਵੀਜ਼ਨ ਸ੍ਰੀ ਕਰਨ ਅੱਗਰਵਾਲ, ਪ੍ਰਧਾਨ ਬਾਰ ਐਸੋਸੀਏਸ਼ਨ ਹਰਪ੍ਰੀਤ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ. ਚਰਨਜੀਤ ਸਿੰਘ ਅੱਕਾਂਵਾਲੀ, ਸਿਵਲ ਸਰਜਨ ਡਾ. ਹਰਦੇਵ ਸਿੰਘ,  ਕਾਰਜਸਾਧਕ ਅਫ਼ਸਰ ਬਲਵਿੰਦਰ ਸਿੰਘ,  ਸੁਪਰਵਾਈਜ਼ਰ ਸੀ.ਐਮ.ਦੀ ਯੋਗਸ਼ਾਲਾ ਰਮਨਦੀਪ ਕੌਰ, ਪ੍ਰਧਾਨ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਵਿਨੋਦ ਕੁਮਾਰ ਜਿੰਦਲ, ਵਾਈਸ ਪ੍ਰਧਾਨ ਵਿਜੈ ਕੁਮਾਰ, ਪ੍ਰਿੰਸੀਪਲ ਡਾ. ਗਰਿਮਾ, ਡਾ. ਸੀਮਾ ਗੋਇਲ, ਡਾ. ਪੂਜਾ, ਡਾ. ਡਿੰਪੀ, ਡਾ. ਗੁਰਪ੍ਰੀਤ, ਰਾਜਵਿੰਦਰ, ਜਗਰਾਜ, ਦਵਿੰਦਰ, ਅਵਤਾਰ, ਕੁਲਦੀਪ, ਪ੍ਰਵੀਨ, ਗੁਰਮੀਤ, ਭੁਪਿੰਦਰ, ਲਖਵਿੰਦਰ, ਕਿਰਪਾਲ ਕਰਿਤੀ, ਨੀਤੂ ਰਾਣੀ, ਮਾਨਸੀ ਸੇਠੀ, ਨਵਜੋਤ, ਲਾਡੀ ਤੋਂ ਇਲਾਵਾ ਏ.ਯੂ. ਫਾਈਨਾਂਸੀਅਲ ਬੈਂਕ, ਸੀ.ਐਮ.ਦੀ ਯੋਗਸ਼ਾਲਾ ਟੀਮ ਅਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਵਿਭਾਗ ਸਮੇਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਸਟਾਫ ਮੌਜੂਦ ਸੀ।

About The Author

You may have missed