ਭਾਸ਼ਾ ਵਿਭਾਗ ਪੰਜਾਬ ਵੱਲੋਂ ਪਦਮ ਸ਼੍ਰੀ ਸਵ. ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ

ਪਟਿਆਲਾ, 20 ਜੂਨ 2024 :  ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ , ਦੀ ਸੁਚੱਜੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਵਲੋਂ ਪਦਮ ਸ਼੍ਰੀ ਸਵ. ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਲਖਵਿੰਦਰ ਸਿੰਘ ਜੌਹਲ, ਸ਼੍ਰੋਮਣੀ ਪੰਜਾਬੀ ਟੈਲੀਫ਼ਿਲਮ ਨਿਰਦੇਸ਼ਕ, ਨੇ ਕੀਤੀ ਅਤੇ ਡਾ. ਵਰਿੰਦਰ ਗਰਗ, ਓ.ਐੱਸ.ਡੀ., ਕੇਂਦਰੀ ਸਿਹਤ ਮੰਤਰੀ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਸਮਾਗਮ ਦੇ ਆਰੰਭ ਵਿਚ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਪ੍ਰਧਾਨਗੀ ਮੰਡਲ ਦੇ ਨਾਲ ਨਾਲ ਸਾਰੇ ਸਾਹਿਤਕਾਰਾਂ/ਕਵੀਆਂ ਤੇ ਹੋਰ ਪੱਤਵੰਤੇ ਸੱਜਣਾਂ ਦਾ ਸਮਾਗਮ ਵਿਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਅਤੇ ਧੰਨਵਾਦ ਵੀ ਕੀਤਾ। ਉਹਨਾਂ ਨੇ ਪੰਜਾਬੀ ਸਾਹਿਤਕ ਜਗਤ ਦੇ ਮਹਾਂਮਾਨਵ ਅਤੇ ਮਕਬੂਲ ਸ਼ਾਇਰ ਡਾ. ਸੁਰਜੀਤ ਪਾਤਰ  ਦੇ ਅਚਾਨਕ ਸਵਰਗਵਾਸ ਹੋ ਜਾਣ ਤੇ ਸ਼ੋਕ ਜਤਾਇਆ ਅਤੇ ਕਿਹਾ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ , ਉੱਥੇ ਪੰਜਾਬੀ ਸਾਹਿਤ ਜਗਤ ਇਕ ਮਹਾਨ ਸ਼ਾਇਰ ਦੀਆਂ ਸੇਵਾਵਾਂ ਤੋਂ ਵੰਚਿਤ ਹੋ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਭਾਸ਼ਾ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਚਲਾਈਆਂ ਜਾ ਰਹੀਆਂ ਮਹੱਤਵਪੂਰਨ ਸਕੀਮਾਂ ਤੋਂ  ਜਾਣੂ ਕਰਵਾਇਆ।

ਇਸ ਮੌਕੇ ਗੁਰਵਿੰਦਰ ਅਮਨ (ਰਾਜਪੁਰਾ), ਖੁਸ਼ਨਸੀਬ ਗੁਰਬਖਸ਼ੀਸ਼ ਕੌਰ (ਸ੍ਰੀ ਮੁਕਤਸਰ ਸਾਹਿਬ), ਸੁਰਿੰਦਰ ਕੌਰ ਬਾੜਾ (ਸ੍ਰੀ ਫਤਹਿਗੜ੍ਹ ਸਾਹਿਬ), ਨਵਦੀਪ ਮੁੰਡੀ (ਪਟਿਆਲਾ), ਅੰਮ੍ਰਿਤਪਾਲ ਸਿੰਘ ਸ਼ੈਦਾ(ਪਟਿਆਲਾ), ਅਮਰਜੀਤ ਕੌਂਕੇ (ਪਟਿਆਲਾ), ਜਸਪ੍ਰੀਤ ਕੌਰ ਫ਼ਲਕ (ਲੁਧਿਆਣਾ), ਛਿੰਦਰ ਕੌਰ (ਸਿਰਸਾ), ਰੂਹੀ ਸਿੰਘ (ਸ੍ਰੀ ਦਮਦਮਾ ਸਾਹਿਬ), ਧਰਮ ਕੰਮੇਆਣਾ (ਪਟਿਆਲਾ), ਬੇਅੰਤ ਕੌਰ ਗਿੱਲ (ਮੋਗਾ), ਤ੍ਰੈਲੋਚਨ ਲੋਚੀ (ਲੁਧਿਆਣਾ), ਅਵਤਾਰਜੀਤ ਅਟਵਾਲ (ਪਟਿਆਲਾ),ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਨੂੰ ਸਮਾਗਮ ਵਿੱਚ ਬੰਨ੍ਹੀ ਰੱਖਿਆ।

ਡਾ. ਲਖਵਿੰਦਰ ਸਿੰਘ ਜੌਹਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸਦੀ ਦੇ ਮਹਾਨ ਸ਼ਾਇਰ ਡਾ. ਸੁਰਜੀਤ ਪਾਤਰ ਜੀ ਦੇ ਅਚਾਨਕ ਇਸ ਫਾਨੀ ਸੰਸਾਰ ਤੋਂ ਅਲਵਿਦਾ ਕਹਿ ਜਾਣ ਤੇ ਪੰਜਾਬੀ ਜਗਤ ਨੂੰ ਇਕ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪਾਤਰ ਸਾਹਬ ਅੱਜ ਭਾਵੇਂ ਸਾਡੇ ਵਿਚ ਨਹੀਂ ਹਨ ਪਰੰਤੂ ਉਹ ਆਪਣੀਆਂ ਰਚਨਾਵਾਂ ਰਾਹੀਂ ਹਮੇਸ਼ਾ ਸਾਡੇ ਸਾਰਿਆਂ ਦੇ ਜ਼ਿਹਨ ਵਿਚ ਰਹਿਣਗੇ। ਉਹਨਾਂ ਨੇ ਭਾਸ਼ਾ ਵਿਭਾਗ ਵੱਲੋਂ ਉਹਨਾਂ ਨੂੰ ਸਮਰਪਿਤ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਡਾ. ਸੁਰਜੀਤ ਪਾਤਰ ਦੀ ਯਾਦ ਵਿਚ ਕਰਵਾਇਆ ਸਮਾਗਮ ਬਹੁਤ ਹੀ ਵਧੀਆ ਉਪਰਾਲਾ ਹੈ। ਉਹਨਾਂ ਨੇ ਕਵੀ ਦਰਬਾਰ ਵਿਚ ਆਪਣੀਆਂ ਰਚਨਾਵਾਂ ਪੇਸ਼ ਕਰਨ ਵਾਲੇ ਸਮੂਹ ਕਵੀਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕੀਤੀ।

ਵਿਸ਼ੇਸ਼ ਮਹਿਮਾਨ ਵਜੋਂ ਆਏ ਡਾ. ਵਰਿੰਦਰ ਗਰਗ ਨੇ ਕਿਹਾ ਕਿ ਭਾਸ਼ਾ ਵਿਭਾਗ ਅਕਸਰ ਅਜਿਹੇ ਸਮਾਗਮ ਆਯੋਜਿਤ ਕਰਵਾਉਂਦਾ ਰਹਿੰਦਾ ਹੈ । ਉਹਨਾਂ ਨੇ ਡਾ. ਸੁਰਜੀਤ ਪਾਤਰ ਦੀ ਯਾਦ ਵਿਚ ਆਯੋਜਿਤ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਤੇ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਡਾ. ਸੁਰਜੀਤ ਪਾਤਰ ਜੀ ਦੇ ਅਚਾਨਕ ਸਵਰਗਵਾਸ ਹੋਣ ਤੇ ਦੁੱਖ ਦਾਇਜ਼ਹਾਰ ਵੀਕੀਤਾ।ਇਸ ਮੌਕੇ ਕਵਿੱਤਰੀ ਜਸਪ੍ਰੀਤ ਕੌਰ ਫਲਕ ਦੀ ਹਿੰਦੀ ਕਾਵਿ ਪੁਸਤਕ “ਕੈਨਵਸ ਕੇ ਪਾਸ” ਰਿਲੀਜ਼ ਕੀਤੀ ਗਈ।

ਸਮਾਗਮ ਵਿਚ ਹਰਭਜਨ ਕੌਰ, ਸਤਨਾਮ ਸਿੰਘ ਦੋਵੇਂ ਡਿਪਟੀ ਡਾਇਰੈਕਟਰ;ਅਸ਼ਰਫ਼ ਮਹਿਮੂਦ ਨੰਦਨ, ਅਮਰਿੰਦਰ ਸਿੰਘ, ਆਲੋਕ ਚਾਵਲਾ, ਤੇਜਿੰਦਰ ਸਿੰਘ ਗਿੱਲ, ਜਸਪ੍ਰੀਤ ਕੌਰ, ਸੁਰਿਦਰ ਕੌਰ,  ਸਾਰੇ ਸਹਾਇਕ ਡਾਇਰੈਕਟਰ ਅਤੇ ਹੋਰ ਅਧਿਕਾਰੀ/ਕਰਮਚਾਰੀ ਹਾਜਰ ਹੋਏ। ਮੰਚ ਸੰਚਾਲਨ ਦਾ ਕਾਰਜ ਵਿਭਾਗ ਦੇ ਅਧਿਕਾਰੀ ਤੇਜਿੰਦਰ ਸਿੰਘ ਗਿੱਲ, ਸਹਾਇਕ ਡਾਇਰੈਕਟਰ, ਨੇ ਬਾਖ਼ੂਬੀ ਨਿਭਾਇਆ ।

ਅੰਤ ਵਿਚ ਹਰਭਜਨ ਕੌਰ, ਡਿਪਟੀ  ਡਾਇਰੈਕਟਰ ਨੇ  ਸਮਾਗਮ ਵਿਚ ਸ਼ਾਮਲ ਹੋਏ ਪ੍ਰਧਾਨਗੀ ਮੰਡਲ ਦੇ ਨਾਲ ਇਲੈਕਟ੍ਰੋਨਿਕ ਅਤੇ ਪ੍ਰੈਸ ਮੀਡੀਆ ਅਤੇ ਸਮਾਗਮ ਵਿਚ ਸ਼ਾਮਲ ਸਾਹਿਤਕਾਰਾਂ/ਕਲਾਕਾਰਾਂ/ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ।

About The Author

You may have missed