ਇੰਜ: ਜੀਵਨਦੀਪ ਸਿੰਘ ਧਾਲੀਵਾਲ ਨੇ ਸੰਭਾਲਿਆ ਚੀਫ ਇੰਜੀਨੀਅਰ ਪਾਵਰ  ਪਰਚੇਸ ਅਤੇ ਰੈਗੂਲੇਸ਼ਨ ਪਟਿਆਲਾ ਦਾ ਅਹੁਦਾ

ਪਟਿਆਲਾ, 20 ਜੂਨ 2024 :  ਪੰਜਾਬ ਸਟੇਟ ਪਾਵਰ ਕਾਪਰੇਸ਼ਨ ਲਿਮਿਟਿਡ ਵਿੱਚ ਵੱਖੋ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਉਣ ਵਾਲੇ ਉਪ ਮੁੱਖ ਇੰਜੀਨੀਅਰ/GNDTP, ਬਠਿੰਡਾ ਇੰਜ: ਜੀਵਨਦੀਪ ਸਿੰਘ ਧਾਲੀਵਾਲ ਤਰੱਕੀ ਉਪਰੰਤ ਅੱਜ ਚੀਫ ਇੰਜੀਨੀਅਰ ਪਾਵਰ  ਪਰਚੇਸ ਅਤੇ ਰੈਗੂਲੇਸ਼ਨ, ਪਟਿਆਲਾ ਵਜੋਂ ਆਪਣਾ ਨਵਾਂ ਅਹੁਦਾ ਸੰਭਾਲ ਲਿਆ।

ਜ਼ਿਕਰਯੋਗ ਹੈ ਕਿ ਇੰਜ. ਧਾਲੀਵਾਲ ਇਸ ਤੋਂ ਪਹਿਲਾਂ GNDTP, ਬਠਿੰਡਾ ਵਿੱਚ ਵੀ ਬਤੌਰ ਡਿਪਟੀ ਚੀਫ ਇੰਜੀਨੀਅਰ ਸੇਵਾਵਾਂ ਨਿਭਾਅ ਚੁੱਕੇ ਹਨ। ਬਰਨਾਲਾ ਵਿਖੇ ਗੁਰਨਾਮ ਸਿੰਘ ਧਾਲੀਵਾਲ ਦੇ ਘਰ 07 ਫਰਵਰੀ, 1970 ਨੂੰ ਜਨਮੇ ਇੰਜ: ਜੀਵਨਦੀਪ ਸਿੰਘ ਧਾਲੀਵਾਲ ਨੇ ਐਨ.ਆਈ.ਟੀ ਭੋਪਾਲ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਅਤੇ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਤੋ ਐਮ.ਬੀ.ਏ ਕੀਤੀ ਸੀ ਅਤੇ 1994 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਐਸਡੀਓ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਕੋਲ ਵੱਖ-ਵੱਖ ਅਹੁਦਿਆਂ ਤੇ ਅਹਿਮ ਭੂਮਿਕਾਵਾਂ ਨਿਭਾਉਂਦੇ ਹੋਏ 30 ਸਾਲਾਂ ਦਾ ਵੱਖ ਵੱਖ ਖੇਤਰਾਂ ਦਾ ਤਜਰਬਾ ਹੈ।

ਇਸ ਦੌਰਾਨ ਉਹਨਾਂ ਨੇ ਪੀਐਸਪੀਸੀਐਲ ਦੀ ਮੈਨੇਜਮੈਂਟ ਸੀਐਮਡੀ ਇੰਜ: ਬਲਦੇਵ ਸਿੰਘ ਸਰਾਂ ਦਾ ਇਹ ਜਿੰਮੇਵਾਰੀ ਸੌਂਪਣ ਲਈ ਧੰਨਵਾਦ ਪ੍ਰਗਟਾਇਆ ਅਤੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਪੀਐਸਪੀਸੀਐਲ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦੇ ਹੋਏ ਲੋਕ ਹਿੱਤ ਵਿੱਚ ਕੰਮ ਕਰਨ ਲਈ ਵਚਨਬੱਧ ਹੈ।

ਇਸ ਮੌਕੇ ਚੀਫ ਇੰਜੀਨੀਅਰ ਇੰਜ: ਧਾਲੀਵਾਲ ਵੱਲੋਂ ਅੱਜ ਇੱਥੇ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ।

About The Author

error: Content is protected !!