‘ਸੀਐਮ ਦੀ ਯੋਗਸ਼ਾਲਾ’ ਅਧੀਨ ਯੋਗਾ ਕਲਾਸਾਂ ਨਾਲ ਪਟਿਆਲਾ ਦੇ ਬਜ਼ੁਰਗਾਂ ਨੂੰ ਵੱਖ-ਵੱਖ ਸਰੀਰਕ ਸਮੱਸਿਆਵਾਂ ਤੋਂ ਮਿਲੀ ਵੱਡੀ ਰਾਹਤ

ਪਟਿਆਲਾ, 19 ਜੂਨ 2024 :  ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਸੀਐਮ ਦੀ ਯੋਗਸ਼ਾਲਾ’ ਦਾ ਉਪਰਾਲਾ ਪਟਿਆਲਾ ਦੇ ਬਜ਼ੁਰਗਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਨ੍ਹਾਂ ਯੋਗਾ ਕਲਾਸਾਂ ਵਿੱਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਰਿਹਾ ਹੈ। ਅਜਿਹਾ ਪ੍ਰਗਟਾਵਾ ਯੋਗਾ ਦੀਆਂ ਕਲਾਸਾਂ ਲਗਾ ਰਹੇ ਬਜੁਰਗਾਂ ਨੇ ਕੀਤਾ ਹੈ।ਇਨ੍ਹਾਂ ਬਜੁਰਗਾਂ ਨੇ ਕਿਹਾ ਹੈ ਕਿ ਬੁਢੜੀ ਉਮਰ ਵਿੱਚ ਸਭ ਤੋਂ ਵੱਡੀ ਸਮੱਸਿਆ ਪਿੱਠ ਦਰਦ, ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਦੀ ਹੁੰਦੀ ਹੈ ਤੇ ਯੋਗ ਕਰਨ ਨਾਲ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੀ ਹੈ।
ਪਟਿਆਲਾ ‘ਚ ਰਹਿਣ ਵਾਲੇ ਕਈ ਬਜ਼ੁਰਗ ਪਿਛਲੇ ਲੰਬੇ ਸਮੇਂ ਤੋਂ ਪਿੱਠ ਦਰਦ, ਜੋੜਾਂ ਦੇ ਦਰਦ ਅਤੇ ਉਮਰ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਪੀੜਤ ਸਨ। ‘ਸੀਐਮ ਦੀ ਯੋਗਸ਼ਾਲਾ’ ਦੀਆਂ ਯੋਗਾ ਕਲਾਸਾਂ ਵਿੱਚ ਯੋਗਾ ਸਿੱਖਣ ਤੋਂ ਬਾਅਦ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਕਾਫੀ ਰਾਹਤ ਮਿਲੀ। ਯੋਗਾ ਦੇ ਨਿਯਮਤ ਅਭਿਆਸ ਨਾਲ ਉਨ੍ਹਾਂ ਦੀ ਸਰੀਰਕ ਗਤੀਸ਼ੀਲਤਾ ਵਿੱਚ ਵੀ ਸੁਧਾਰ ਹੋਇਆ ਹੈ।
ਸੀਐਮ ਦੀ ਯੋਗਸ਼ਾਲਾ ਦਾ ਜਾਇਜ਼ਾ ਲੈਂਦੇ ਹੋਏ ਡੀਸੀ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਯੋਗਸ਼ਾਲਾਵਾਂ ਪਟਿਆਲਾ ਸ਼ਹਿਰ ਦੇ ਨਾਲ-ਨਾਲ ਰਾਜਪੁਰਾ, ਸਮਾਣਾ, ਪਾਤੜਾਂ, ਨਾਭਾ, ਭਾਦਸੋਂ, ਘੱਗਾ ਅਤੇ ਘਨੌਰ ਵਿੱਚ ਚੱਲ ਰਹੀਆਂ ਹਨ। ਲੋਕਾਂ ਨੂੰ ਰੋਜ਼ਾਨਾ ਯੋਗਾ ਕਰਨ ਲਈ ਪ੍ਰੇਰਿਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਫ਼ਤ ਯੋਗਾ ਸਿਖਲਾਈ ਲੈਣ ਲਈ ਲੋਕ ਆਪਣੇ ਨੇੜੇ ਚੱਲ ਰਹੀਆਂ ਯੋਗਾ ਕਲਾਸਾਂ ਦੇ ਟ੍ਰੇਨਰਾਂ ਜਾਂ ਜ਼ਿਲ੍ਹਾ ਕੋਆਰਡੀਨੇਟਰਾਂ ਨਾਲ ਸੰਪਰਕ ਕਰ ਸਕਦੇ ਹਨ ਜਾਂ ਟੋਲ ਫਰੀ ਨੰਬਰ 76694-00500 ‘ਤੇ ਕਾਲ ਕਰ ਸਕਦੇ ਹਨ ਜਾਂ ਤੁਸੀਂ https://cmdiyogshala.punjab.gov.in ‘ਤੇ ਲਾਗਇਨ ਕਰ ਸਕਦੇ ਹੋ।
ਇਸੇ ਦੌਰਾਨ ਵੱਖ-ਵੱਖ ਥਾਵਾਂ ‘ਤੇ ਯੋਗਾ ਕਲਾਸਾਂ ਲਗਾ ਰਹੇ ਇਨ੍ਹਾਂ ਬਜੁਰਗਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ। ਜਦੋਂਕਿ ਜ਼ਿਲ੍ਹਾ ਕੋਆਰਡੀਨੇਟਰ (ਸੀ.ਐਮ. ਯੋਗਸ਼ਾਲਾ ਪਟਿਆਲਾ) ਭਾਰਤੀ ਭਾਵਨਾ ਨੇ ਦੱਸਿਆ ਕਿ ਯੋਗਾ ਅਭਿਆਸ ਦੇ ਸਰੀਰਕ ਲਾਭਾਂ ਦੇ ਨਾਲ, ਇਸ ਦਾ ਮਾਨਸਿਕ ਸਿਹਤ ‘ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਯੋਗਾ ਕਲਾਸਾਂ ਵਿੱਚ ਧਿਆਨ ਅਤੇ ਪ੍ਰਾਣਾਯਾਮ ਵਰਗੀਆਂ ਤਕਨੀਕਾਂ ਸਿੱਖਣ ਨੇ ਬਜ਼ੁਰਗਾਂ ਵਿੱਚ ਤਣਾਅ ਅਤੇ ਚਿੰਤਾ ਨੂੰ ਘਟਾਇਆ ਹੈ।ਉਹਨਾਂ ਨੂੰ ਇੱਕ ਦੂਜੇ ਨਾਲ ਜੁੜਨ ਅਤੇ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ‘ਸੀਐਮ ਦੀ ਯੋਗਸ਼ਾਲਾ’ ਰਾਹੀਂ ਸੀਨੀਅਰ ਨਾਗਰਿਕਾਂ ਦੇ ਜੀਵਨ ਪੱਧਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਭਾਵਨਾ ਭਾਰਤੀ ਨੇ ਦੱਸਿਆ ਕਿ ਪਟਿਆਲਾ ਵਿੱਚ ‘ਸੀਐਮ ਯੋਗਸ਼ਾਲਾ’ ਦੀ ਪਹਿਲਕਦਮੀ ਨੂੰ ਸੀਨੀਅਰ ਸਿਟੀਜ਼ਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਲਾਸਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪ੍ਰੋਗਰਾਮ ਉਨ੍ਹਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਸਫਲ ਹੋ ਰਿਹਾ ਹੈ।
ਜ਼ਿਲ੍ਹਾ ਕੋਆਰਡੀਨੇਟਰ (ਸੀ.ਐਮ. ਯੋਗਸ਼ਾਲਾ ਪਟਿਆਲਾ) ਭਾਰਤੀ ਭਾਵਨਾ ਅਨੁਸਾਰ ਪਟਿਆਲਾ ਵਿੱਚ ‘ਸੀਐਮ ਯੋਗਸ਼ਾਲਾ’ ਦੀ ਸਫ਼ਲਤਾ ਹੋਰਨਾਂ ਸ਼ਹਿਰਾਂ ਅਤੇ ਰਾਜਾਂ ਲਈ ਵੀ ਪ੍ਰੇਰਨਾ ਸਰੋਤ ਬਣ ਰਹੀ ਹੈ, ਇਹ ਪ੍ਰੋਗਰਾਮ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਮਾਡਲ ਵਜੋਂ ਕੰਮ ਕਰੇਗਾ।

About The Author

You may have missed