ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਛਬੀਲ ਦੌਰਾਨ ਰਾਹਗੀਰਾਂ ਨੂੰ ਕੀਤੀ ਬੂਟਿਆਂ ਦੀ ਵੰਡ

– ਸਭਨਾਂ ਨੂੰ ਹਰੇ-ਭਰੇ ਅਤੇ ਸਵੱਛ ਵਾਤਾਵਰਨ ਲਈ ਯੋਗਦਾਨ ਪਾਉਣ ਦਾ ਦਿੱਤਾ ਸੱਦਾ

ਹੁਸ਼ਿਆਰਪੁਰ, 19 ਜੂਨ 2024 :  ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸਥਾਨਕ ਮਾਹਿਲਪੁਰ ਅੱਡੇ ’ਤੇ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਸੰਜੇ ਸ਼ਰਮਾ ਅਤੇ ਸਾਥੀਆਂ ਵੱਲੋਂ ਲਗਾਈ ਗਈ ਛਬੀਲ ਵਿਚ ਹਾਜ਼ਰੀ ਲਵਾਈ। ਇਸ ਦੌਰਾਨ ਉਨ੍ਹਾਂ ਜਿਥੇ ਠੰਡੇ-ਮਿੱਠੇ ਜਲ ਦੀ ਸੇਵਾ ਕੀਤੀ, ਉਥੇ ਰਾਹਗੀਰਾਂ ਨੂੰ ਬੂਟਿਆਂ ਦੀ ਵੀ ਵੰਡ ਕੀਤੀ। ਸਭਨਾਂ ਨੂੰ ਹਰੇ-ਭਰੇ ਅਤੇ ਸਵੱਛ ਵਾਤਾਵਰਨ ਲਈ ਯੋਗਦਾਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਅਤੇ ਆਲਮੀ ਤਪਸ਼ ਤੋਂ ਨਿਜ਼ਾਤ ਪਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ, ਜੇਕਰ ਹਰੇਕ ਵਿਅਕਤੀ ਘੱਟੋ-ਘੱਟ ਇਕ ਰੁੱਖ ਲਗਾਵੇ ਅਤੇ ਉਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਲਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਬੇਹੱਦ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਪਾਣੀ ਦੇ ਕੁਦਰਤੀ ਸੋਮਿਆਂ, ਜਿਵੇਂ ਕਿ ਦਰਿਆਈ ਅਤੇ ਨਹਿਰੀ ਪਾਣੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵਾਟਰ ਹਾਰਵੈਸਟਿੰਗ ਦੇ ਵੀ ਵੱਡੀ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਨੂੰ ਮੁੜ ਤੋਂ ਹਰਿਆ-ਭਰਿਆ ਅਤੇ ਰੰਗਲਾ ਬਣਾਉਣ ਦਾ ਤਹੱਈਆ ਕੀਤਾ ਹੈ ਅਤੇ ਇਹ ਤਾਂ ਹੀ ਸੰਭਵ ਹੈ, ਜੇਕਰ ਸਮਾਜ ਦਾ ਹਰੇਕ ਵਰਗ ਮਿਲ ਕੇ ਹੰਭਲਾ ਮਾਰੇ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਰਿੰਕੂ ਸੈਣੀ, ਦੀਪੂ, ਰੌਣਜੀਤ, ਰਾਜੂ ਸੈਣੀ, ਸ਼ੁਭਮ, ਅਜੇ, ਕੰਵਰ, ਗੌਰਵ, ਅਸ਼ੋਕ ਪਹਿਲਵਾਨ ਅਤੇ ਹੋਰ ਹਾਜ਼ਰ ਸਨ।

About The Author