ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿੱਚ ਜੰਗਲਾਤ ਹੇਠ ਰਕਬਾ ਵਧਿਆ : ਸੰਤੋਖ ਸਿੰਘ ਚੌਧਰੀ

0

ਜਲੰਧਰ, 24 ਅਗਸਤ 2021 : ਸੂਬੇ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਲਈ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੰਜੀਦਾ ਯਤਨ ਕੀਤੇ ਜਾ ਰਹੇ ਹਨ, ਜਿਸ ਦੀ ਲੜੀ ਤਹਿਤ ਅੱਜ 71ਵੇਂ ਰਾਜ ਪੱਧਰੀ ਵਣ ਮਹਾਉਤਸਵ ਮੌਕੇ ਪਿੰਡ ਸਿਸਵਾਂ ਤੋਂ ਸੂਬੇ ਭਰ ਵਿੱਚ ਇਕ ਕਰੋੜ ਤੋਂ ਵੱਧ ਬੂਟੇ ਲਗਾਉਣ ਦੀ ਰਾਜ-ਵਿਆਪੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਪ੍ਰਗਟਾਵਾ ਜਲੰਧਰ ਤੋਂ ਲੋਕ ਸਭਾ ਮੈਂਬਰ ਸ਼੍ਰੀ ਸੰਤੋਖ ਸਿੰਘ ਚੌਧਰੀ ਨੇ ਅੱਜ ਇਥੇ ਇਸ ਮੈਗਾ ਮੁਹਿੰਮ ਦੇ ਹਿੱਸੇ ਵਜੋਂ ਰੈਡ ਕਰਾਸ ਭਵਨ, ਜਲੰਧਰ ਵਿਖੇ ਬੂਟੇ ਲਾਉਣ ਮੌਕੇ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਸੂਬੇ ਨੂੰ ਹਰਿਆ-ਭਰਿਆ ਬਣਾਉਣ ਦੇ ਉਪਰਾਲਿਆਂ ਤਹਿਤ ਸੂਬਾ ਸਰਕਾਰ ਵੱਲੋਂ ਜੰਗਲਾਤ ਰਕਬੇ ਵਿੱਚ ਵਾਧਾ ਕਰਦਿਆਂ 2873.83 ਏਕੜ ਹੋਰ ਰਕਬੇ ਨੂੰ ਜੰਗਲਾਤ ਹੇਠ ਲਿਆਂਦਾ ਗਿਆ ਹੈ ਅਤੇ ਪਿਛਲੇ ਚਾਰ ਵਰ੍ਹਿਆ ਦੌਰਾਨ 52905.26 ਏਕੜ ਜ਼ਮੀਨ ‘ਤੇ 214 ਲੱਖ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਘਰ-ਘਰ ਹਰਿਆਲੀ ਸਕੀਮ‘ ਅਤੇ ਆਈ-ਹਰਿਆਲੀ ਮੋਬਾਇਲ ਐਪ ਰਾਹੀਂ 123 ਲੱਖ ਬੂਟੇ ਮੁਫ਼ਤ ਵੰਡਣ ਤੋਂ ਇਲਾਵਾ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਕੁਦਰਤ ਜਾਗਰੂਕਤਾ ਕੈਂਪ ਵੀ ਲਗਾਏ ਗਏ ਹਨ।

ਸ਼੍ਰੀ ਚੌਧਰੀ ਨੇ ਲੋਕਾਂ ਨੂੰ ਸਰਕਾਰ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਤੇ ਹਰਿਆ-ਭਰਿਆ ਰੱਖਣ ਲਈ ਜਿਥੇ ਸਾਨੂੰ ਸਾਰਿਆਂ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਉਥੇ ਇਨ੍ਹਾਂ ਦੀ ਦੇਖ-ਭਾਲ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦੇ ਸੰਤੁਲਨ ਨੂੰ ਕਾਇਮ ਰੱਖਣ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ਵਿਚ ਰੁੱਖ ਅਹਿਮ ਰੋਲ ਅਦਾ ਕਰਦੇ ਹਨ ਅਤੇ ਸਾਡੀ ਨੌਜਵਾਨ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਣ ਪ੍ਰਦਾਨ ਕਰਨ ਵਿੱਚ ਰੁੱਖ ਬੇਹੱਦ ਸਹਾਈ ਹੋ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਯਕੀਨੀ ਬਣਾਈਏ, ਜਿਸ ਲਈ ਹਰੇਕ ਨੂੰ ਇਸ ਨੇਕ ਉਪਰਾਲੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਜਸਲੀਨ ਸੇਠੀ, ਰੈਡ ਕਰਾਸ ਸੁਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਅਤੇ ਹੋਰ ਮੌਜੂਦ ਸਨ।

About The Author

Leave a Reply

Your email address will not be published. Required fields are marked *

error: Content is protected !!