ਪੰਜਾਬ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 09 ਸਤੰਬਰ ਤੋਂ 17 ਸਤੰਬਰ ਤੱਕ ਕੀਤਾ ਜਾਵੇਗਾ ਸੱਤਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ : ਡਿਪਟੀ ਕਮਿਸ਼ਨਰ
ਤਰਨ ਤਾਰਨ, 24 ਅਗਸਤ 2021 : ਪੰਜਾਬ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 09 ਸਤੰਬਰ, 2021 ਤੋਂ 17 ਸਤੰਬਰ, 2021 ਤੱਕ ਸੱਤਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੋਵਿਡ-19 ਸਬੰਧੀ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤਾ ਜਾ ਰਿਹਾ ਹੈ।
ਰੋਜ਼ਗਾਰ ਮੇਲਿਆ ਦੀ ਤਿਆਰੀ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਗਿਆ ਕਿ ਰੋਜ਼ਗਾਰ ਮੇਲੇ ਵਿੱਚ ਬੇਰੋਜ਼ਗਾਰ ਨੌਕਰੀ ਦੇ ਚਾਹਵਾਨ ਉਮੀਦਵਾਰ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਸਬੰਧੀ ਵਿਭਾਗਾਂ ਵੱਲੋਂ ਸਵੈ-ਰੋਜ਼ਗਾਰ ਲਈ ਲੋਨ ਅਤੇ ਸਕਿੱਲ ਟੇ੍ਰਨਿੰਗ ਸਬੰਧੀ ਵਿਭਾਗਾਂ ਵਲੋ ਸਕਿਲ ਟ੍ਰੇਨਿੰਗ ਲਈ ਮੌਕੇ ‘ਤੇ ਉਮੀਦਵਾਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਫਾਰਮ ਭਰਵਾਏ ਜਾਣਗੇ।
ਉਹਨਾਂ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿਖੇ ਇਹ ਰੋਜ਼ਗਾਰ ਮੇਲੇ 09 ਸਤੰਬਰ, 2021 ਨੂੰ ਸਰਕਾਰੀ ਬਹੁਤਨੀਕੀ ਕਾਲਜ, ਭਿੱਖੀਵਿੰਡ, 10 ਸਤੰਬਰ, 2021 ਨੂੰ ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ ਪੱਟੀ, 13 ਸਤੰਬਰ, 2021 ਨੂੰ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ, 15 ਸਤੰਬਰ, 2021 ਨੂੰ ਸ਼੍ਰੀ ਗੁਰੁ ਅੰਗਦ ਦੇਵ ਕਾਲਜ ਖਡੂਰ ਸਹਿਬ ਅਤੇ 17 ਸਤੰਬਰ, 2021 ਨੂੰ ਮਾਝਾ ਕਾਲਜ ਟੀ- ਪੁਆਇੰਟ ਤਰਨ ਤਾਰਨ ਵਿਖੇ ਲਗਾਏ ਜਾ ਰਹੇ ਹਨ। ਰੋਜ਼ਗਾਰ ਮੇਲਿਆ ਦਾ ਸਮਾਂ ਸਵੇਰੇ 9 ਵਜੇ ਤੋਂ ਬਾਅਦ ਸ਼ਾਮ 3 ਵਜੇ ਤੱਕ ਹੋਵੇਗਾ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਭਾਗੀਦਾਰੀ ਲਈ ਵੱਖ-ਵੱਖ ਵਿਭਾਗਾਂ ਦੀ ਡਿਊਟੀ ਵੀ ਲਗਾਈ ਗਈ। ਉਹਨਾਂ ਵੱਲੋ ਅਧਿਕਾਰੀਆਂ ਨੂੰ ਰੋਜ਼ਗਾਰ ਮੇਲੇ ਦੇ ਪ੍ਰਬੰਧਾਂ ਲਈ ਡਿਊਟੀਆਂ ਦੀ ਵੰਡ ਵੀ ਕੀਤੀ ਗਈ। ਉਹਨਾਂ ਦੱਸਿਆ ਕਿ ਉਪਰੋਕਤ ਮੈਗਾ ਰੋਜ਼ਗਾਰ ਮੇਲਿਆਂ ਤੋ ਇਲਾਵਾ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਤੋਂ ਬਲਾਕ ਪੱਧਰ ‘ਤੇ ਪਲੇਸਮੈਂਟ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਜੋ ਨੋਜਵਾਨਾਂ ਤਕ ਵੱਧ ਤੋ ਵੱਧ ਰੋਜਗਾਰ ਸਬੰਧੀ ਪਹੁੰਚ ਕੀਤੀ ਜਾ ਸਕੇ।
ਉਹਨਾ ਵੱਲੋਂ ਮੀਟਿੰਗ ਵਿੱਚ ਹਾਜ਼ਰ ਹੋਏ ਕੰਪਨੀਆਂ ਦੇ ਨੁਮਾਇੰਦਿਆ ਨਾਲ ਰੋਜ਼ਗਾਰ ਮੇਲਿਆ ਸਬੰਧੀ ਗੱਲਬਾਤ ਕੀਤੀ ਗਈ ਅਤੇ ਨਿਯੋਜਕਾਂ ਨੂੰ ਹਰੇਕ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਉਮੀਦਵਾਰਾਂ ਲਈ ਮਾਸਕ ਪਾਉਣਾ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ। ਵਧੇਰੇ ਜਾਣਕਾਰੀ ਲਈ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ, ਸ਼੍ਰੀ ਰਜਨੀਸ਼ ਅਰੋੜਾ ਉਪ ਮੰਡਲ ਮੈਜਿਸਟਰੇਟ ਤਰਨ ਤਾਰਨ, ਸ਼੍ਰੀ ਪ੍ਰਭਜੋਤ ਸਿੰਘ, ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਡਾ. ਦੇਸ ਰਾਜ ਸਹਾਇਕ ਸਿਵਲ ਸਰਜਨ, ਸ਼੍ਰੀ ਭਗਤ ਸਿੰਘ, ਜੀ. ਐਮ. ਡੀ. ਆਈ. ਸੀ ਅਤੇ ਵੱਖ ਵੱਖ ਕੰਪਨੀ ਦੇ ਨੁਮਾਇੰਦੇ ਅਤੇ ਸੰਸਥਾਵਾਂ ਦੇ ਅਧਿਕਾਰੀ ਹਾਜ਼ਰ ਸਨ।