ਮੈਗਾ ਰੋਜ਼ਗਾਰ ਮੇਲੇ ’ਚ 619 ਨੌਜਵਾਨਾਂ ਨੇ ਲਿਆ ਹਿੱਸਾ, 226 ਨੂੰ ਮਿਲਿਆ ਰੋਜ਼ਗਾਰ : ਅਪਨੀਤ ਰਿਆਤ
ਹੁਸ਼ਿਆਰਪੁਰ, 24 ਅਗਸਤ 2021 : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜ਼ਿਲ੍ਹੇ ਦੀ ਸਭ ਤੋਂ ਪ੍ਰਸਿੱਧ ਇੰਡਸਟਰੀ ਇੰਟਰਨੈਸ਼ਨਲ ਟਰੈਕਟਰਜ਼ ਲਿਮਟਡ ਦੇ ਸਹਿਯੋਗ ਨਾਲ ਦੂਜਾ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿਚ ਨਾ ਸਿਰਫ ਆਸ-ਪਾਸ ਦੇ ਜ਼ਿਲ੍ਹੇ ਬਲਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਸੂਬੇ ਤੋਂ ਵੀ ਨੌਜਵਾਨਾਂ ਨੇ ਹਿੱਸਾ ਲਿਆ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਇੰਟਰਨੈਸ਼ਨਲ ਟਰੈਕਟਰਜ਼ ਲਿਮਟਡ ਸੋਨਾਲੀਕਾ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਬੇਹਤਰ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਲਈ ਅੱਜ ਅਸੀਂ ਇਨ੍ਹਾਂ ਦੇ ਸਹਿਯੋਗ ਨਾਲ ਦੂਸਰਾ ਸਫ਼ਲ ਮੈਗਾ ਰੋਜ਼ਗਾਰ ਮੇਲਾ ਕਰਵਾ ਸਕੇ ਹਾਂ, ਜਿਸ ਵਿਚ 619 ਨੌਜਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ 226 ਦੀ ਮੌਕੇ ’ਤੇ ਚੋਣ ਹੋ ਗਈ ਜਦਕਿ 29 ਨੌਜਵਾਨਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੈਗਾ ਰੋਜ਼ਗਾਰ ਮੇਲੇ ਦਾ ਦੌਰਾ ਕੀਤਾ ਅਤੇ ਮੇਲੇ ਵਿਚ ਹਿੱਸਾ ਲੈਣ ਵਾਲੇ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਹੌਂਸਲਾ ਵੀ ਵਧਾਇਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੋਨਾਲੀਕਾ ਵਲੋਂ ਕੰਪਨੀ ਦੇ ਪੇ-ਰੋਲ ’ਤੇ ਕੁਲ 100 ਆਸਾਮੀਆਂ ਲਈ ਆਈ.ਟੀ.ਆਈ. ਡੀਜ਼ਲ ਮਕੈਨਿਕ, ਮੋਟਰ ਵਹੀਕਲ ਮਕੈਨਿਕ, ਟਰੈਕਟਰ ਮਕੈਨਿਕ, ਫੀਟਰ, ਆਟੋ ਇਲੈਕਟ੍ਰੀਸ਼ਨ, ਪੇਂਟ ਸ਼ਾਪ (ਆਟੋ ਬਾਡੀ ਰਿਪੇਅਰ), ਹੈਲਪਰ ਅਤੇ ਕੰਟਰੈਕਟਰ ਰਾਹੀਂ 50 ਆਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਗਾ ਰੋਜ਼ਗਾਰ ਮੇਲੇ ਵਿਚ ਵੱਖ-ਵੱਖ ਟਰੇਡ ਦੇ ਫਰੈਸ਼ ਅਤੇ ਤਜ਼ਰਬੇ ਵਾਲੇ ਦੋਵੋਂ ਨੌਜਵਾਨਾਂ ਨੂੰ ਕੰਪਨੀ ਵਲੋਂ ਮੌਕਾ ਦਿੱਤਾ ਗਿਆ ਜੋ ਕਿ ਇਕ ਬੇਹਤਰੀਨ ਪਹਿਲ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹੇ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਬੇਹਤਰ ਮੌਕੇ ਉਪਲਬੱਧ ਕਰਵਾਉਣ ਲਈ ਰੋਜ਼ਗਾਰ ਮੇਲੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ 9 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ ਹੁਸਿਆਰਪੁਰ ਵਿਚ, 13 ਸਤੰਬਰ ਨੂੰ ਕੈਂਬ੍ਰਿਜ ਸਕੂਲ ਦਸੂਹਾ ਵਿਚ, 15 ਸਤੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਮਾਹਿਲਪੁਰ ਵਿਚ ਅਤੇ 17 ਸਤੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਚ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿਚ ਜ਼ਿਲ੍ਹੇ ਅਤੇ ਆਸ-ਪਾਸ ਦੇ ਜ਼ਿਲਿ੍ਹਆਂ ਦੀਆਂ ਕੰਪਨੀਆਂ ਨੂੰ ਬੁਲਾਇਆ ਜਾਵੇਗਾ।
ਇਸ ਲਈ ਜ਼ਰੂਰਤਮੰਦ ਨੌਜਵਾਨ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਜ਼ਰੂਰ ਲਾਭ ਲੈਣ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲਿਆਂ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 62801-97708 ’ਤੇ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕਾਊਂਸਲਰ ਅਦਿਤਿਆ ਰਾਣਾ ਵੀ ਮੌਜੂਦ ਸਨ।