ਜ਼ਿਲ੍ਹਾ ਮਾਨਸਾ ਵਿਚ 71ਵੇਂ ਵਣ ਮਹਾਂਉਤਸਵ ਦਾ ਆਗਾਜ਼

0
ਮਾਨਸਾ, 24 ਅਗਸਤ 2021 : ਪੰਜਾਬ ਸਰਕਾਰ ਵੱਲੋਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ 71ਵਾਂ ਵਣ ਮਹਾਂਉਤਸਵ ਮਨਾਇਆ ਗਿਆ, ਜਿਸ ਵਿੱਚ ਜੰਗਲਾਤ, ਛਪਾਈ ਅਤੇ ਲਿਖਣ ਸਮੱਗਰੀ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਭਲਾਈ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੋਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਣ ਮਹਾਂਉਤਸਵ ਹਰਿਆਵਲ ਮੁਹਿੰਮ ਨੂੰ ਸ਼ੁਰੂ ਕਰਨ ਲਈ ਆਈ.ਐਫ.ਐਸ., ਵਣ ਪਾਲ ਸਾਊਥ ਸਰਕਲ, ਪੰਜਾਬ ਪਟਿਆਲਾ ਸ਼੍ਰੀ ਮੁਨੀਸ਼ ਕੁਮਾਰ ਅਤੇ ਪੀ.ਐਫ.ਐਸ. ਵਣ ਮੰਡਲ ਅਫ਼ਸਰ ਮਾਨਸਾ ਸ਼੍ਰੀ ਅੰਮ੍ਰਿਤਪਾਲ ਸਿੰਘ ਬਰਾੜ ਵੱਲੋਂ ਵਣ ਮੰਡਲ ਮਾਨਸਾ ਅਧੀਨ ਪੈਂਦੇ ਵੱਖ-ਵੱਖ ਪਿੰਡਾਂ, ਪੰਚਾਇਤੀ ਜ਼ਮੀਨ, ਨਗਰ ਕੌਂਸਲ ਲੈਂਡ ਵਿੱਚ 10600 ਬੂਟੇ-ਪੌਦੇ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਵਣ ਮਹਾਂਉਤਸਵ ਦੀ ਜ਼ਿਲ੍ਹਾ ਮਾਨਸਾ ਵਿੱਚ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵੱਲੋਂ ਪਿੰਡ ਖ਼ਿਆਲਾ ਕਲਾਂ ਵਿਖੇ ਪੌਦੇ ਲਗਾ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਪੰਚਾਇਤ, ਕਲੱਬ ਮੈਂਬਰ ਅਤੇ ਜੰਗਲਾਤ ਵਿਭਾਗ ਦੇ ਨੁਮਾਇੰਦਿਆਂ ਨੂੰ ਪਿੰਡਾਂ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਕੇ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਅਪੀਲ ਕੀਤੀੇ।
ਰੇਂਜ ਅਫ਼ਸਰ ਸ਼੍ਰੀ ਹਰਜੀਤ ਸਿੰਘ ਨੇ ਦੱਸਿਆ ਕਿ ਸਾਲ 2021-22 ਦੌਰਾਨ ਮਾਨਸਾ ਮੰਡਲ ਅਧੀਨ ਚੱਲ ਰਹੀਆਂ ਵੱਖ-ਵੱਖ ਵਿਭਾਗੀ ਸਕੀਮਾਂ ਤਹਿਤ 214844 ਬੂਟੇ ਲਗਾਏ ਜਾ ਚੁੱਕੇ ਹਨ ਅਤੇ ਵੱਖ-ਵੱਖ ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ, ਧਾਰਮਿਕ ਸਥਾਨਾਂ ਅਤੇ ਹੋਰ ਸੰਸਥਾਵਾਂ ਨੂੰ 75900 ਬੂਟੇ ਮੁਫ਼ਤ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਾਲ ਦੌਰਾਨ ਮਾਨਸਾ ਜ਼ਿਲ੍ਹੇ ਅੰਦਰ 301344 ਬੂਟੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮਾਨਸਾ ਵਣ ਮੰਡਲ ਅਧੀਨ 2 ਵਣ ਰੇਂਜਾਂ (ਮਾਨਸਾ ਤੇ ਬੁਢਲਾਡਾ) ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮਾਨਸਾ ਵਣ ਮੰਡਲ ਦਾ ਕੁੱਲ ਰਕਬਾ 2689.50 ਹੈਕਟੇਅਰ ਹੈ। ਉਨ੍ਹਾਂ ਦੱਸਿਆ ਕਿ ਇਹ ਜੰਗਲਾਤ ਦਾ ਏਰੀਆ ਸੜਕਾਂ, ਡਰੇਨਾਂ ਅਤੇ ਨਹਿਰਾਂ ਦੇ ਕਿਨਾਰੇ ਹੀ ਹੈ। ਉਨ੍ਹਾਂ ਦੱਸਿਆ ਕਿ ਵਣ ਮੰਡਲ ਮਾਨਸਾ ਵਿੱਚ ਕੁੱਲ 4 ਨਰਸਰੀਆਂ (ਭੈਣੀ ਬਾਘਾ, ਬੁਰਜ ਹਰੀ, ਚੱਕ ਫਾਰਮ ਅਤੇ ਕੁਸਲਾ) ਚੱਲ ਰਹੀਆਂ ਹਨ, ਜਿਸ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਤਿਆਰ ਕੀਤੇ ਜਾਂਦੇ ਹਨ।

About The Author

Leave a Reply

Your email address will not be published. Required fields are marked *

error: Content is protected !!