ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਦਿੱਤੀ ਜਾਵੇਗੀ ਮੁਫ਼ਤ ਆਨਲਾਈਨ ਕੋਚਿੰਗ : ਡਿਪਟੀ ਕਮਿਸ਼ਨਰ
ਸੰਗਰੂਰ, 24 ਅਗਸਤ 2021 : ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਸੂਬਾ ਸਰਕਾਰ ਵੱਲੋਂ ਐਸ.ਐਸ.ਸੀ, ਬੈਂਕ, ਪੀਓ/ਕਲੈਰੀਕਲ, ਆਰ.ਆਰ.ਬੀ, ਸੀ.ਈ.ਟੀ., ਪੀ.ਪੀ.ਐਸ.ਸੀ., ਪੀ.ਐਸ.ਐਸ.ਐਸ.ਬੀ ਅਤੇ ਹੋਰਨਾਂ ਵਿਭਾਗੀ ਪ੍ਰੀਖਿਆਵਾਂ ਲਈ ਆਉਣ ਵਾਲੇ ਦਿਨਾਂ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਮੁਫਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾਣੀ ਹੈ। ਜ਼ਿਲੇ ਦੇ ਬੇਰੁਜ਼ਗਾਰ ਅਤੇ ਚਾਹਵਾਨ ਨੌਜਾਵਾਨਾਂ ਨੂੰ ਆਨਲਾਈਨ ਕੋਚਿੰਗ ਦਾ ਲਾਭ ਲੈਣ ਲਈ ਵੈਬਸਾਈਟ https://tinyurl.com/GJFC21 ਤੇ ਲਾਗ ਇੰਨ ਕਰਕੇ ਇਨਾਂ ਕਲਾਸਾਂ ਲਈ ਅਪਲਾਈ ਕਰ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦਿੱਤੀ।
ਸ਼੍ਰੀ ਰਾਮਵੀਰ ਨੇ ਦੱਸਿਆ ਕਿ ਆਨਲਾਈਨ ਕੋਚਿੰਗ ਹਫਤੇ ਦੇ ਛੇ ਦਿਨ 1.30 ਘੰਟੇ ਦੇ ਦੋ ਸੈਸ਼ਨਾਂ ਵਿੱਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਿਸੇ ਵੀ ਵਿਸ਼ੇ ਵਿੱਚ ਗੈ੍ਰਜੂਏਟ ਉਮੀਦਵਾਰ ਇਨਾਂ ਕਲਾਸਾਂ ਲਈ ਅਪਲਾਈ ਕਰ ਸਕਦੇ ਹਨ। ਉਨਾਂ ਕਿਹਾ ਕਿ ਜ਼ਿਲਾ ਸੰਗਰੂਰ ਦੇ ਅੰਡਰ ਗੈ੍ਰਜੂਏਟ ਉਮੀਦਵਾਰ ਜੇਕਰ ਕਿਸੇ ਕੇਂਦਰੀ ਜਾਂ ਸੂਬੇ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਯੋਗ ਹਨ ਤਾਂ ਹੀ ਕਲਾਸਾਂ ਲਈ ਖੁਦ ਨੂੰ ਰਜਿਸਟਰ ਕਰਨ।
ਉਨਾਂ ਕਿਹਾ ਕਿ ਪੁਲਿਸ ਕਾਂਸਟੇਬਲ ਅਤੇ ਕਲੈਰੀਕਲ ਅਸਾਮੀਆਂ ਲਈ ਮੁਫ਼ਤ ਆਨਲਾਈਨ ਕੋਚਿੰਗ ਦਾ ਪਹਿਲਾ ਬੈਚ ਸਤੰਬਰ 2021 ਦੇ ਪਹਿਲੇ ਹਫਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਕਲੈਰੀਕਲ ਬੈਚ ਲਈ ਖੁਦ ਨੂੰ ਰਜਿਸਟਰ ਕਰਨ ਵਾਲੇ ਉਮੀਦਵਾਰਾਂ ਨੇ ਗੈ੍ਰਜੂਏਸ਼ਨ ਮੁਕੰਮਲ ਕਰ ਲਈ ਹੋਵੇ ਅਤੇ ਜਦਕਿ 12ਵੀਂ ਪਾਸ ਉਮੀਦਵਾਰ ਪੁਲਿਸ ਕਾਂਸਟੇਬਲ ਲਈ ਅਪਲਾਈ ਕਰ ਸਕਦੇ ਹਨ।
ਉਨਾ ਦੱਸਿਆ ਕਿ ਇੱਕ ਬੈਚ ਦੀ ਮਿਆਦ ਘੱਟੋ ਘੱਟ ਚਾਰ ਮਹੀਨੇ ਦੀ ਹੋਵੇਗੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਉਮੀਦਵਾਰਾਂ ਦੇ ਸੰਕੇ ਦੂਰ ਕਰਨ ਅਤੇ ਮਾਹਿਰਾਂ ਤੋਂ ਅਗਵਾਈ ਲਈ ਹਫਤਾਵਾਰੀ ਲਾਈਵ ਸੈਸ਼ਨ ਵੀ ਹੋਵੇਗਾ। ਉਨਾਂ ਕਿਹਾ ਕਿ ਇਸ ਨਿਵੇਕਲੀ ਪਹਿਲ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਹਤਰ ਢੰਗ ਨਾਲ ਤਿਆਰ ਕਰਨਾ ਹੈ ਤਾਂ ਜੋ ਉਹ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ।
ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਅਤੇ ਉਤਪਤੀ ਹੁਨਰ ਵਿਕਾਸ ਅਫ਼ਸਰ ਸ੍ਰੀ ਰਵਿੰਦਰਪਾਲ ਸਿੰਘ ਨੇ ਦੱਸਿਆ ਇਸ ਨਿਵੇਕਲੀ ਸਿਖਲਾਈ ਦੌਰਾਨ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੁੱਲਣਗੇ। ਉਨਾਂ ਜ਼ਿਲੇ ਦੇ ਯੋਗ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਾ ਮਾਹਿਰਾਂ ਪਾਸੋਂ ਅਗਵਾਈ ਹਾਸਿਲ ਕਰਨ ਲਈ ਇਨਾਂ ਮੁਫਤ ਆਨਲਾਈਨ ਕੋਚਿੰਗ ਕਲਾਸਾਂ ਲਈ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਦੇ ਹੈਲਪਲਾਈਨ ਨੰਬਰ 98779-18167 ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ।