ਨੀਮ-ਹਕੀਮਾਂ ਤੋਂ ਬੱਚ ਕੇ ਡੇਂਗੂ ਦਾ ਇਲਾਜ ਸਿਰਫ ਸਰਕਾਰੀ ਸਿਹਤ ਸੰਸਥਾ ਤੋਂ ਹੀ ਕਰਾਓ – ਡਾ. ਹਰਪਾਲ ਸਿੰਘ
ਬਟਾਲਾ, 24 ਅਗਸਤ 2021 : ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਦਾ ਇਲਾਜ ਨੀਮ-ਹਕੀਮਾਂ ਤੋਂ ਕਰਾਉਣ ਦੀ ਬਜਾਏ ਸਿਰਫ ਸਰਕਾਰੀ ਸਿਹਤ ਸੰਸਥਾ ਤੋਂ ਹੀ ਕਰਾਇਆ ਜਾਵੇ। ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਡੇਂਗੂ ਦੀ ਬਿਮਾਰੀ ਵਿੱਚ ਬਹੁਤੀਆਂ ਦਵਾਈਆਂ ਖਾਣ ਦੀ ਲੋੜ ਨਹੀਂ ਹੁੰਦੀ ਬਲਕਿ ਇਸ ਬਿਮਾਰੀ ਵਿੱਚ ਤਰਲ ਪਦਾਰਥ ਵੱਧ ਤੋਂ ਵੱਧ ਪੀਣੇ ਚਾਹੀਦੇ ਹਨ।
ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਮਾਹਿਰ ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਡੇਂਗੂ ਦੇ ਟੈਸਟ ਮੁਫ਼ਤ ਹਨ ਅਤੇ ਇਥੇ ਡਾਕਟਰਾਂ ਵਲੋਂ ਇਸ ਬਿਮਾਰੀ ਦਾ ਇਲਾਜ ਵੀ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਡੇਂਗੂ ਦੀ ਬਿਮਾਰੀ ਵਿੱਚ ਜਿਆਦਾ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਇਸ ਨਾਲ ਪਲੇਟਲੈਟ ਸੈੱਲ ਹੋਰ ਘੱਟ ਜਾਂਦੇ ਹਨ। ਉਨਾਂ ਕਿਹਾ ਕਿ ਡੇਂਗੂ ਦੀ ਬਿਮਾਰੀ ਦੌਰਾਨ ਵੱਧ ਤੋਂ ਵੱਧ ਤਰਲ ਪਦਾਰਥ ਪੀਣੇ ਚਾਹੀਦੇ ਹਨ। ਉਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਲੋਕ ਡੇਂਗੂ ਦੀ ਬਿਮਾਰੀ ਹੋਣ ’ਤੇ ਨੀਮ-ਹਕੀਮਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ, ਜਿਸ ਕਾਰਨ ਇਹ ਬਿਮਾਰੀ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਜਾਂਦੀ ਹੈ। ਉਨਾਂ ਕਿਹਾ ਕਿ ਡੇਂਗੂ ਦੇ ਇਲਾਜ ਲਈ ਸਰਕਾਰੀ ਸਿਹਤ ਸੰਸਥਾ ਵਿੱਚ ਹੀ ਪਹੁੰਚ ਕਰਨੀ ਚਾਹੀਦੀ ਹੈ।
ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ-ਪਾਣੀ ਵਿਚ ਪਲਦਾ ਹੈ ਅਤੇ ਜਿਹੜਾ ਪਾਣੀ ਸੱਤ ਦਿਨ ਤੱਕ ਖੜਾ ਰਹੇ, ਉਥੇ ਇਹ ਮੱਛਰ ਤਿਆਰ ਹੋ ਜਾਂਦਾ ਹੈ। ਉਨਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਅਸੀਂ ਘਰਾਂ, ਦੁਕਾਨਾਂ, ਦਫਤਰਾਂ ਅਤੇ ਹੋਰ ਥਾਵਾਂ ’ਤੇ ਪਏ ਵਾਧੂ ਸਮਾਨ, ਜਿਸ ਵਿਚ ਮੀਂਹ ਆਦਿ ਦਾ ਪਾਣੀ ਖੜ ਸਕਦਾ ਹੈ, ਉਸ ਨੂੰ ਸਾਫ ਕਰਦੇ ਰਹੀਏ। ਇਸ ਤੋਂ ਇਲਾਵਾ ਹਰ ਹਫਤੇ ਕੂਲਰਾਂ, ਗਮਲਿਆਂ ਜਾਂ ਪੌਦੇ ਲਗਾਉਣ ਲਈ ਰੱਖੀਆਂ ਬੋਤਲਾਂ ਆਦਿ ਦਾ ਪਾਣੀ ਬਦਲਣਾ ਵੀ ਜਰੂਰੀ ਹੈ। ਉਨਾਂ ਦੱਸਿਆ ਕਿ ਡੇਂਗੂ ਦਾ ਮੱਛਰ ਆਮ ਮੱਛਰ ਨਾਲੋਂ ਵੱਡਾ ਅਤੇ ਉਸਦੇ ਸਰੀਰ ’ਤੇ ਧਾਰੀਆਂ ਹੁੰਦੀਆਂ ਹਨ। ਇਹ ਸਵੇਰ ਜਾਂ ਸ਼ਾਮ ਦੇ ਸਮੇਂ ਕੱਟਦਾ ਹੈ ਅਤੇ ਡੰਗ ਵੀ ਤਿੱਖਾ ਮਾਰਦਾ ਹੈ। ਇਹ ਆਮ ਤੌਰ ’ਤੇ ਪਰਦਿਆਂ, ਫੋਟੋ ਫਰੇਮਾਂ, ਟੇਬਲ-ਕੁਰਸੀਆਂ ਦੇ ਹੇਠਾਂ ਜਾਂ ਹੋਰ ਠੰਡੀਆਂ ਥਾਵਾਂ ’ਤੇ ਹੁੰਦਾ ਹੈ।
ਡਾ. ਹਰਪਾਲ ਸਿੰਘ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਰਾਤ ਸਾਉਣ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਊ ਕਰੀਮਾਂ ਆਦਿ ਦੀ ਵਰਤੋਂ ਕਰਨੀਂ ਚਾਹੀਦੀ ਹੈ।