ਬੱਚਿਆਂ ਨੂੰ ਢੁਕਵਾਂ ਮਹੌਲ ਅਤੇ ਵਧੀਆ ਜੀਵਨ ਦੇਣਾ ਸਾਡਾ ਫਰਜ਼ : ਸੀ.ਡੀ.ਪੀ.ਓ. ਬਟਾਲਾ
ਬਟਾਲਾ, 24 ਅਗਸਤ 2021 : ਜੇਕਰ ਤੁਸੀਂ ਕੋਈ ਬੱਚਾ ਗੋਦ ਲੈਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਬਹੁਤ ਅਹਿਮ ਸਾਬਤ ਹੋ ਸਕਦੀ ਹੈ। ਬੱਚਿਆਂ ਨੂੰ ਗੋਦ ਲੈਂਦੇ ਸਮੇਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਧਿਆਨ ਵਿੱਚ ਰੱਖਣਾ ਅਤੇ ਉਨਾਂ ਦੇ ਅਨੁਸਾਰ ਚੱਲਣਾ ਸਭ ਤੋਂ ਅਹਿਮ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਵੀ ਕੋਈ ਬੱਚਾ ਗੋਦ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਰੀਆਂ ਕਾਨੂੰਨੀ ਪ੍ਰੀਕਿ੍ਰਆਵਾਂ ਅਪਨਾਉਣੀਆਂ ਚਾਹੀਦੀਆਂ ਹਨ ਤਾਂ ਜੋ ਬਾਅਦ ਵਿੱਚ ਕਿਸੇ ਵੀ ਤਰਾਂ ਦੇ ਵਿਵਾਦ ਤੋਂ ਬਚਿਆ ਜਾ ਸਕੇ।
ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਬਟਾਲਾ ਸਥਿਤ ਸੀ.ਡੀ.ਪੀ.ਓ. ਵਰਿੰਦਰ ਸਿੰਘ ਨੇ ਕਿਹਾ ਕਿ ਵਰਤਮਾਨ ਸਮੇਂ ਸ਼ੋਸਿਤ, ਤਿਆਗੇ ਹੋਏ, ਨਕਾਰੇ ਹੋਏ ਅਤੇ ਇਕੱਲੇ ਛੱਡੇ ਹੋਏ ਅਨੇਕਾਂ ਬੱਚੇ ਹਨ ਅਤੇ ਇਨਾਂ ਨੂੰ ਵੱਖ ਬਾਲ ਘਰਾਂ ਵਿੱਚ ਰੱਖਿਆ ਜਾ ਰਿਹਾ ਹੈ। ਏਥੇ ਇਨਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਢੁਕਵਾਂ ਮਹੌਲ ਮੁਹਈਆ ਕਰਵਾਇਆ ਜਾਂਦਾ ਹੈ ਪਰ ਫਿਰ ਵੀ ਲੋਕਾਂ ਦੁਆਰਾ ਬਹੁਤ ਸਾਰੇ ਬੱਚਿਆਂ ਨੂੰ ਅਪਣਾਏ ਜਾਣ ਦੀ ਜ਼ਰੂਰਤ ਹੈ।
ਸੀ.ਡੀ.ਪੀ.ਓ. ਬਟਾਲਾ ਨੇ ਕਿਹਾ ਕਿ ਜਿਨਾਂ ਜੋੜਿਆਂ ਦੇ ਬੱਚੇ ਨਹੀਂ ਹਨ ਜਾਂ ਹੋਰ ਜਿਹੜੇ ਬੱਚੇ ਗੋਦ ਲੈਣ ਦੀ ਇੱਛਾ ਰੱਖਦੇ ਹਨ, ਉਨਾਂ ਨੂੰ ਬੱਚੇ ਗੋਦ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਹ ਬੱਚੇ ਵੀ ਸਮਾਜਿਕ ਵਿਕਾਸ ਵਿੱਚ ਪ੍ਰਭਾਵੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਆਪਣਾ ਵਧੀਆ ਜੀਵਨ ਗੁਜ਼ਾਰ ਸਕਣ। ਇਸ ਦੇ ਨਾਲ ਹੀ ਉਨਾਂ ਨੇ ਬੱਚੇ ਗੋਦ ਲੈਣ ਦੇ ਚਾਹਵਾਨਾਂ ਨੂੰ ਅਜਿਹਾ ਕਰਨ ਤੋਂ ਪਹਿਲਾਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਲਈ ਵੀ ਆਖਿਆ ਹੈ ਤਾਂ ਜੋ ਬਾਅਦ ਵਿੱਚ ਕਿਸੇ ਵੀ ਤਰਾਂ ਦੇ ਵਿਵਾਦ ਤੋਂ ਬਚਿਆ ਜਾ ਸਕੇ। ਉਨਾਂ ਦੱਸਿਆ ਕਿ ਸੂਬੇ ਵਿੱਚ ਇਸ ਸਮੇਂ 10 ਅਡਾਪਸ਼ਨ ਏਜੰਸੀਆਂ ਹਨ ਜਿਨਾਂ ਦੁਆਰਾ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਗੋਦ ਲੈਣ ਵਾਲੇ ਮਾਪਿਆਂ ਨੂੰ ਬੱਚੇ ਦਿੱਤੇ ਜਾਂਦੇ ਹਨ।
ਇਸ ਦੇ ਨਾਲ ਹੀ ਸਰਕਾਰ ਨੇ ਬੱਚੇ ਗੋਦ ਲੈਣ ਵਾਲੇ ਮਾਪਿਆਂ ਦੀ ਯੋਗਤਾ ਵੀ ਨਿਰਧਾਰਤ ਕੀਤੀ ਹੈ ਜਿਸ ਦੇ ਅਨੁਸਾਰ ਗੋਦ ਲੈਣ ਵਾਲੇ ਮਾਪੇ ਸਰੀਰਕ, ਦਿਮਾਗੀ ਅਤੇ ਵਿੱਤੀ ਤੌਰ ’ਤੇ ਮਜ਼ਬੂਤ ਹੋਣੇ ਚਾਹੀਦੇ ਹਨ ਅਤੇ ਕਿਸੇ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਨਹੀਂ ਹੋਣੇ ਚਾਹੀਦੇ। ਵਿਆਹੁਤਾ ਜੋੜਾ ਹੋਣ ਦੀ ਸੂਰਤ ਵਿੱਚ ਦੋਵੇਂ ਪਤੀ-ਪਤਨੀ ਦੀ ਸਹਿਮਤੀ ਜ਼ਰੂਰੀ ਹੈ। ਗੋਦ ਲੈਣ ਵਾਲੇ ਮਾਪਿਆਂ ਦੇ ਵਿਆਹ ਨੂੰ ਘੱਟੋ ਘੱਟ ਦੋ ਸਾਲ ਹੋਏ ਹੋਣੇ ਚਾਹੀਦੇ ਹਨ। ਇਕਹਿਰੀ ਔਰਤ ਹੋਣ ਦੀ ਹਾਲਤ ਵਿੱਚ ਲੜਕਾ ਜਾਂ ਲੜਕੀ ਕਿਸੇ ਨੂੰ ਵੀ ਗੋਦ ਲਿਆ ਜਾ ਸਕਦਾ ਹੈ ਪਰ ਪੁਰਸ਼ ਹੋਣ ਦੀ ਸੂਰਤ ਵਿੱਚ ਕੇਵਲ ਲੜਕਾ ਹੀ ਗੋਦ ਲਿਆ ਜਾ ਸਕਦਾ ਹੈ। ਗੋਦ ਲੈਣ ਦੇ ਚਾਹਵਾਨ ਮਾਪਿਆਂ ਨੂੰ ਕਾਰਾ ਦੇ ਆਨ ਲਾਈਨ ਪੋਰਟਲ cara.inc.in ’ਤੇ ਰਜਿਸਟਰ ਕਰਨਾ ਪੈਂਦਾ ਹੈ ਅਤੇ ਮਾਪਿਆਂ ਦੇ ਘਰ ਜਾ ਕੇ ਸਟਡੀ ਰਿਪੋੋਰਟ ਤੋਂ ਬਾਅਦ ਹੀ ਅਰਜੀ ਮਨਜ਼ੂਰ ਕੀਤੀ ਜਾਂਦੀ ਹੈ।