ਹੈਰੀਟੇਜ਼ ਸੁਸਾਇਟੀ ਵੱਲੋਂ ਹਰ ਐਤਵਾਰ ਜ਼ਿਲ੍ਹੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਲਈ ਚਲਾਈ ਜਾ ਰਹੀ ਮੁਫ਼ਤ ਬੱਸ ਯਾਤਰਾ

0

ਬਟਾਲਾ, 24 ਅਗਸਤ 2021 :  ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵੱਲੋਂ ਹਰ ਐਤਵਾਰ ਜ਼ਿਲੇ ਦੇ ਇਤਿਹਾਸਕ ਤੇ ਧਾਰਮਿਨ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ ਬੱਸਾਂ ਚਲਾਈਆਂ ਜਾ ਰਹੀਆਂ। ਇਹ ਬੱਸਾਂ ਬਟਾਲਾ ਤੇ ਗੁਰਦਾਸਪੁਰ ਸਰਕਟ ਲਈ ਵੱਖ-ਵੱਖ ਹਨ ਅਤੇ ਇਨ੍ਹਾਂ ਬੱਸਾਂ ਰਾਹੀਂ ਯਾਤਰਾ ਬਿਲਕੁਲ ਮੁਫ਼ਤ ਹੈ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਬਟਾਲਾ ਸਰਕਟ ਦੇ ਦਰਸ਼ਨਾਂ ਲਈ ਬੱਸ ਹਰ ਐਤਵਾਰ ਸਵੇਰੇ 9 ਵਜੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਚੱਲਦੀ ਹੈ ਜਦਕਿ ਗੁਰਦਾਸਪੁਰ ਸਰਕਟ ਲਈ ਇਹ ਬੱਸ ਪੰਚਾਇਤ ਭਵਨ ਗੁਰਦਾਸਪੁਰ ਤੋਂ ਚੱਲਦੀ ਹੈ। ਉਨਾਂ ਦੱਸਿਆ ਕਿ ਬਟਾਲਾ ਸਰਕਟ ਤਹਿਤ ਵਿਸ਼ੇਸ਼ ਬੱਸ ਵੱਲੋਂ ਬਟਾਲਾ ਸ਼ਹਿਰ ਤੋਂ ਚੱਲ ਕੇ ਸਭ ਤੋਂ ਪਹਿਲਾਂ ਛੋਟਾ ਘੱਲੂਘਾਰਾ ਸਮਾਰਕ, ਗੁਰਦੁਆਰਾ ਸਾਹਿਬ, ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਦਰਸ਼ਨ ਕਰਵਾਏ ਜਾਣਗੇ ਅਤੇ ਉਸ ਤੋਂ ਬਾਅਦ ਯਾਤਰੂਆਂ ਨੂੰ ਸ੍ਰੀ ਹਰਗੋਬਿੰਦਪੁਰ ਵਿਖੇ ਗੁਰੂ ਕੀ ਮਸੀਤ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਕਿਸ਼ਨ ਕੋਟ ਦੇ ਰਾਧਾ ਕਿ੍ਰਸ਼ਨ ਮੰਦਰ, ਨਾਮਦੇਵ ਦਰਬਾਰ ਘੁਮਾਣ, ਬਦਰ ਸ਼ਾਹ ਦੀਵਾਨ ਦੀ ਦਰਗਾਹ ਪਿੰਡ ਮਸਾਣੀਆਂ ਅਤੇ ਅਚਲੇਸ਼ਵਰ ਧਾਮ ਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਹਨ ਅਤੇ ਸ਼ਾਮ ਨੂੰ ਯਾਤਰਾ ਵਾਪਸ ਬਟਾਲਾ ਵਿਖੇ ਖਤਮ ਹੋ ਜਾਂਦੀ ਹੈ।

ਉਨਾਂ ਦੱਸਿਆ ਕਿ ਗੁਰਦਾਸਪੁਰ ਸਰਕਟ ਤਹਿਤ ਪੰਚਾਇਤ ਭਵਨ ਤੋਂ ਬੱਸ ਚੱਲ ਕੇ ਸਭ ਤੋਂ ਪਹਿਲਾਂ ਪਹਿਲਾਂ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਅਤੇ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ ਪਹੁੰਚਦੀ ਹੈ ਅਤੇ ਉਸਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ, ਗੁਰਦਾਸ ਨੰਗਲ, ਸ਼ਿਵ ਮੰਦਿਰ ਕਲਾਨੋਰ, ਕਰਤਾਰਪੁਰ ਕੋਰੀਡੋਰ (ਦਰਸ਼ਨ ਸਥਲ), ਗੁਰਦੁਆਰਾ ਚੋਹਲਾ ਸਾਹਿਬ ਤੇ ਗੁਰਦੁਆਰਾ ਦਰਬਾਰ ਸਾਹਿਬ, ਜੋੜਾ ਛੱਤਰਾਂ, ਬਾਵਾ ਲਾਲ ਜੀ ਦਾ ਮੰਦਰ ਧਿਆਨਪੁਰ ਦੇ ਦਰਸ਼ਨ ਕਰਕੇ ਸ਼ਾਮ ਨੂੰ ਵਾਪਸ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਪੁਹੰਚਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਯਾਤਰਾ ਬਿਲਕੁੱਲ ਮੁਫ਼ਤ ਹੈ ਅਤੇ ਯਾਤਰਾ ਕਰਨ ਦੇ ਇਛੁੱਕ ਬਟਾਲਾ ਸਰਕਟ ਲਈ ਇੰਦਰਜੀਤ ਸਿੰਘ, ਜ਼ਿਲਾ ਲੋਕ ਸੰਪਰਕ ਅਫਸਰ ਬਟਾਲਾ ਦੇ ਮੋਬਾਇਲ ਨੰਬਰ 98155-77574 ਅਤੇ ਗੁਰਦਾਸਪੁਰ ਸਰਕਟ ਲਈ  ਹਰਜਿੰਦਰ ਸਿੰਘ ਕਲਸੀ, ਜ਼ਿਲਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ ਦੇ ਮੋਬਾਇਲ 97800-13977 ’ਤੇ ਸੰਪਰਕ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਇਨਾਂ ਦੋਵਾਂ ਬੱਸਾਂ ਦੀ ਬੁਕਿੰਗ ਲਈ ਹਰਮਨਪ੍ਰੀਤ ਸਿੰਘ ਜੁਆਇੰਟ ਸਕੱਤਰ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਦੇ ਮੋਬਾਇਲ ਨੰਬਰ 98552-84240 ਅਦੇ ਦਮਨਜੀਤ ਸਿੰਘ ਗਾਈਡ ਛੋਟਾ ਘੱਲੂਘਾਰਾ ਮੈਮੋਰੀਅਲ, ਕਾਹਨੂੰਵਾਨ ਦੇ ਮੋਬਾਇਲ ਨੰਬਰ 98552-93452 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *