ਪੰਜਾਬ ਸਰਕਾਰ ਕਿਸਾਨਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ,ਕਿਸਾਨਾਂ ਨਾਲ ਕੱਲ ਮੀਟਿੰਗ ਕਰਨਗੇ ਮੁੱਖ ਮੰਤਰੀ : ਖੇਤੀਬਾੜੀ ਕਮਿਸ਼ਨਰ
ਜਲੰਧਰ, 23 ਅਗਸਤ 2021 : ਪੰਜਾਬ ਸਰਕਾਰ ਸੂਬੇ ਦੇ ਗੰਨਾ ਕਾਸ਼ਤਕਾਰਾਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਦੁਪਹਿਰ 3 ਵਜੇ ਚੰਡੀਗੜ੍ਹ ਵਿਖੇ ਗੰਨਾ ਕਾਸ਼ਤਕਾਰਾਂ ਨਾਲ ਮੀਟਿੰਗ ਕਰਨਗੇ।
ਗੰਨਾ ਕਾਸ਼ਤਕਾਰਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਥੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਸਾਨਾਂ ਨਾਲ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ, ਜਿੱਥੇ ਉਨ੍ਹਾਂ ਦੀਆਂ ਸਮੁੱਚੀਆਂ ਜਾਇਜ਼ ਮੰਗਾਂ ਨੂੰ ਗੌਰ ਨਾਲ ਸੁਣਿਆ ਗਿਆ । ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤੇ ਮੁੱਦਿਆਂ ‘ਤੇ ਸਰਕਾਰ ਅਤੇ ਕਿਸਾਨਾਂ ਦਰਮਿਆਨ ਸਹਿਮਤੀ ਬਣ ਗਈ ਹੈ ਜਦਕਿ ਕੁਝ ਮੁੱਦਿਆਂ ‘ਤੇ ਅਜੇ ਵੀ ਮਤਭੇਦ ਹਨ, ਜਿਨ੍ਹਾਂ ਦੇ ਮੁੱਖ ਮੰਤਰੀ ਨਾਲ ਕੱਲ ਹੋਣ ਵਾਲੀ ਮੀਟਿੰਗ ਵਿੱਚ ਹੱਲ ਹੋਣ ਦੀ ਉਮੀਦ ਹੈ। ਉਨ੍ਹਾਂ ਅੱਜ ਦੀ ਮੀਟਿੰਗ ਨੂੰ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਇਕ ਉਚਿਤ ਕਦਮ ਦੱਸਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਵਿਕਾਸ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ, ਗੰਨਾ ਕਮਿਸ਼ਨਰ ਪੰਜਾਬ ਡਾ. ਗੁਰਵਿੰਦਰ ਸਿੰਘ ਵੀ ਮੌਜੂਦ ਸਨ।