ਝੋਨੇ ਦੀ ਖਰੀਦ ਸਬੰਧੀ ਅਗੇਤੀਆਂ ਤਿਆਰੀਆਂ ਲਈ ਡਿਪਟੀ ਕਮਿਸ਼ਨਰ ਵੱਲੋਂ ਬੈਠਕ
ਫਾਜ਼ਿਲਕਾ 23 ਅਗਸਤ 2021 : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦਰ ਪਾਲ ਸਿੰਘ ਸੰਧੂ ਨੇ ਅੱਜ ਏਥੇ ਝੋਨੇ ਦੀ ਆਉਣ ਵਾਲੀ ਫਸਲ ਦੀ ਸਰਕਾਰੀ ਖਰੀਦ ਸਬੰਧੀ ਅਗੇਤੀਆਂ ਤਿਆਰੀਆਂ ਲਈ ਸਬੰਧਤ ਵਿਭਾਗਾਂ ਦੇ ਮੁੱਖੀਆਂ ਨਾਲ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਾਰਕਿਟ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਛਾਂ, ਰੌਸ਼ਨੀ ਦੇ ਪੁਖਤਾ ਪ੍ਰਬੰਧ ਕਰਨ ਦੇ ਨਾਲ-ਨਾਲ ਮੰਡੀਆਂ ਵਿੱਚ ਸਫਾਈ ਵੀ ਕਰਵਾ ਲਈ ਜਾਵੇ। ਉਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਪਿਛਲੇ ਝੋਨੇ ਦੇ ਸੀਜ਼ਨ ਦੌਰਾਨ 141 ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਸਨ ਪਰ ਝੋਨੇ ਦੀ ਆਮਤ 45 ਮੰਡੀਆਂ ਵਿੱਚ ਹੀ ਦਰਜ ਹੋਈ ਸੀ, ਇਸ ਲਈ ਇਸ ਵਾਰ ਵੀ ਕੁਝ ਅਜਿਹਾ ਹੀ ਰਹਿਣ ਦੀ ਆਸ ਹੈ।
ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਨੂੰ ਕਿਹਾ ਕਿ ਉਹ ਝੋਨੇ ਦੀ ਖਰੀਦ ਨਾਲ ਸਬੰਧਤ ਲੋੜੀਂਦੀਆਂ ਤਿਆਰੀਆਂ ਖਾਸ ਕਰਕੇ ਬਾਰਦਾਨੇ ਦਾ ਪ੍ਰਬੰਧ ਸਮੇਂ ਸਿਰ ਕਰ ਲੈਣ। ਜ਼ਿਲ੍ਹਾ ਫੂਡ ਸਿਪਲਾਈ ਕੰਟਰੋਲਰ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਲੇਬਰ ਅਤੇ ਟਰਾਂਸਪੋਰਟ ਦੇ ਟੈਂਡਰਾਂ ਦੀ ਮਿਆਦ ਪਹਿਲਾਂ ਹੀ ਸਰਕਾਰ ਵੱਲੋਂ ਵਧਾ ਦਿੱਤੀ ਗਈ ਹੈ ਜਿਸ ਕਾਰਨ ਲੇਬਰ ਅਤੇ ਟਰਾਂਸਪੋਰਟ ਦੀ ਕੋਈ ਮੁਸ਼ਕਲ ਨਹੀਂ ਆਵੇਗੀ।
ਇਸ ਮੌਕੇ ਐਸ.ਡੀ.ਐਮ. ਰਵਿੰਦਰ ਸਿੰਘ ਅਰੋੜਾ ਅਤੇ ਸ੍ਰੀ ਅਮਿਤ ਗੁਪਤਾ ਹਾਜ਼ਰ ਸਨ।