24 ਅਗਸਤ ਨੂੰ ਸੂਬਾ ਪੱਧਰੀ ਵਣ ਮਹਾਉਤਸਵ ਮੌਕੇ ਜਲੰਧਰ ਵਿੱਚ 16 ਹਜ਼ਾਰ ਤੋਂ ਵੱਧ ਬੂਟੇ ਲਗਾਏ ਜਾਣਗੇ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ

0

 ਜਲੰਧਰ, 23 ਅਗਸਤ 2021 : ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ 24 ਅਗਸਤ ਨੂੰ ਵਣ ਮਹਾਂਉਤਸਵ ਮੌਕੇ ਜ਼ਿਲ੍ਹੇ ਭਰ ਵਿੱਚ 16140 ਬੂਟੇ ਲਗਾਏ ਜਾਣਗੇ, ਜਿਸ ਦੀ ਪ੍ਰਧਾਨਗੀ ਮੁਹਾਲੀ ਵਿੱਚ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾਵੇਗੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਰਾਜ ਪੱਧਰੀ ਸਮਾਗਮਾਂ ਦੌਰਾਨ ਜਿਥੇ ਬੂਟੇ ਲਗਾਉਣ ਦੀ ਇਸ ਮੈਗਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਉਥੇ ਜ਼ਿਲ੍ਹਿਆਂ ਵਿੱਚ ਵੀ ਇਹ ਮੁਹਿੰਮ ਨਾਲੋ-ਨਾਲ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 30 ਥਾਵਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਇੱਕ ਦਿਨ ਵਿੱਚ 16 ਹਜ਼ਾਰ ਤੋਂ ਵੱਧ ਬੂਟੇ ਲਗਾਏ ਜਾਣਗੇ। ਇਨ੍ਹਾਂ ਥਾਵਾਂ ਵਿੱਚ ਪਿੰਡ ਮੁਠੱਡਾ ਕਲਾਂ, ਫਿਲੌਰ ਸ਼ਹਿਰ, ਗੁਰਾਇਆ, ਪੰਜਾਬ ਪੁਲਿਸ ਅਕੈਡਮੀ, ਫਿਲੌਰ, ਸਿਵਲ ਹਸਪਤਾਲ ਫਿਲੌਰ, ਡੀ.ਏ.ਵੀ. ਪਬਲਿਕ ਸਕੂਲ ਫਿਲੌਰ, ਪੁਲਿਸ ਸਟੇਸ਼ਨ ਨੂਰਮਹਿਲ, ਨੂਰਮਹਿਲ ਸਿਟੀ, ਕੇਵੀ -2, ਕੇਵੀ -3, ਪਿੰਡ ਜੋਧੇ, ਈਦਗਾਹ, ਅਰਬਨ ਅਸਟੇਟ ਫੇਜ਼ -1 ਅਤੇ ਧੀਨਾ, ਸੀ.ਆਰ.ਪੀ.ਐਫ. ਕੈਂਪਸ, ਮਿਲਟਰੀ ਏਰੀਆ ਜਲੰਧਰ ਕੈਂਟ, ਜਲੰਧਰ ਸਿਟੀ, 91 ਸਬ ਏਰੀਆ, ਆਈ.ਟੀ.ਬੀ.ਪੀ., ਸਕੂਲ ਅਤੇ ਪਾਰਕ, ਪੀ.ਏ.ਪੀ. ਗਰਾਊਂਡ, ਡੀ.ਏ.ਵੀ.ਕਾਲਜ ਜਲੰਧਰ ਦੇ ਸਾਹਮਣੇ, ਐਨ.ਆਈ.ਟੀ. ਕੈਂਪਸ, ਆਦਮਪੁਰ, ਜਲੰਧਰ ਸ਼ਹਿਰ, ਭੋਗਪੁਰ, ਜਲੰਧਰ, ਸਿੰਝ ਗਰਾਊਂਡ ਅਤੇ ਬੀਰ ਪਿੰਡ ਸਿੱਧਵਾਂ ਸਟੇਸ਼ਨ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੁਹਿੰਮ ਸਥਾਨਕ ਗੈਰ ਸਰਕਾਰੀ ਸੰਗਠਨਾਂ ਅਤੇ ਸਰਕਾਰੀ ਅਦਾਰਿਆਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ, ਜਿਸ ਵਿੱਚ ਉਨ੍ਹਾਂ ਦੇ ਸਬੰਧਤ ਪਰਿਸਰ ਵਿੱਚ ਬੂਟੇ ਲਗਾਏ ਜਾਣਗੇ। ਜਲੰਧਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਉਨ੍ਹਾਂ ਲੋਕਾਂ ਨੂੰ ਬੂਟੇ ਲਗਾਉਣ ਦੀ ਇਸ ਮੁਹਿੰਮ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਵਿਸ਼ਾਲ ਕਾਰਜ ਲੋਕਾਂ ਦੇ ਸਰਗਰਮ ਸਹਿਯੋਗ ਅਤੇ ਭਾਗੀਦਾਰੀ ਤੋਂ ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ। ਸ਼੍ਰੀ ਥੋਰੀ ਨੇ ਪੰਚਾਇਤਾਂ, ਯੂਥ ਕਲੱਬਾਂ ਅਤੇ ਸਕੂਲਾਂ ਤੋਂ ਇਲਾਵਾ ਸਮਾਜਿਕ, ਧਾਰਮਿਕ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਇਸ ਨੇਕ ਉਪਰਾਲੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਹਾ।

ਡੀ.ਐਫ.ਓ. ਵਿਕਰਮ ਕੁੰਦਰਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਦੇਸੀ ਪ੍ਰਜਾਤੀਆਂ ਜਿਵੇਂ ਸੀਸ਼ਮ, ਅਰਜੁਨ, ਡਰੇਕ, ਨਿੰਮ, ਕਦਮ ਦੇ ਰੁੱਖ, ਸਜਾਵਟੀ ਪ੍ਰਜਾਤੀਆਂ, ਫੁੱਲਾਂ ਵਾਲੇ ਬੂਟੇ ਅਤੇ ਹੋਰ ਬੂਟੇ ਲਗਾਏ ਜਾਣਗੇ। ਇਸ ਮੌਕੇ ਬੱਚਿਆਂ ਨੂੰ ਇੱਕ-ਇੱਕ ਰੁੱਖ ਅਪਣਾਉਣ ਅਤੇ ਉਨ੍ਹਾਂ ਦੇ ਉਚਿਤ ਵਾਧੇ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਡੀ.ਐਫ.ਓ. ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਇਸ ਮੁਹਿੰਮ ਦਾ ਸਰਗਰਮ ਭਾਗੀਦਾਰ ਬਣਾਉਣਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਵਿੱਚ ਕੁੱਲ 4,89,500 ਬੂਟੇ ਲਗਾਏ ਗਏ ਸਨ।

About The Author

Leave a Reply

Your email address will not be published. Required fields are marked *

error: Content is protected !!