ਪੰਜਾਬ ਸਰਕਾਰ ਹਰ ਹਾਲ ਕਿਸਾਨਾਂ ਦੇ ਨਾਲ : ਨਾਗਰਾ
ਫਤਹਿਗੜ੍ਹ ਸਾਹਿਬ, 22 ਅਗਸਤ 2021 : ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਸਾਨੀ ਸੰਘਰਸ਼ ਵਿਚ ਸਿੰਘੂ ਬਾਰਡਰ ਵਿਖੇ ਆਪਣੀ ਜਾਨ ਗਵਾਉਣ ਵਾਲੇ ਪਿੰਡ ਚਨਾਰਥਲ ਕਲਾਂ ਦੇ ਕਿਸਾਨ ਦਿਲਬਾਗ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ।
ਇਸ ਮੌਕੇ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਾਡੇ ਕਿਸਾਨ ਪਿਛਲੇ ਕਰੀਬ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉਤੇ ਬੈਠੇ ਹਨ ਪਰ ਕੇਂਦਰ ਸਰਕਾਰ ਦੇ ਕੰਨੀ ਜੂੰ ਨਹੀਂ ਸਰਕ ਰਹੀ। 400 ਤੋਂ ਵੱਧ ਕਿਸਾਨਾਂ ਨੇ ਆਪਣੀ ਸ਼ਹਾਦਤ ਵੀ ਦਿੱਤੀ ਹੈ। ਸੰਵਿਧਾਨ ਅਨੁਸਾਰ ਖੇਤੀਬਾੜੀ ਸੂਬਿਆਂ ਦੇ ਅਧਿਕਾਰ ਦਾ ਵਿਸ਼ਾ ਹੈ ਪਰ ਕੇਂਦਰ ਸਰਕਾਰ ਨੇ ਇਸ ਵਿੱਚ ਸਿੱਧਾ ਦਖਲ ਦਿੰਦਿਆਂ ਤਿੰਨ ਕਾਲੇ ਖੇਤੀ ਕਾਨੂੰਨ ਬਣਾ ਕੇ ਪੂਰੇ ਦੇਸ਼ ਵਿੱਚ ਬੇਚੈਨੀ ਤੇ ਰੋਸ ਦਾ ਮਾਹੌਲ ਬਣਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਕਿਸਾਨ 05 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹਮੇਸ਼ਾਂ ਕਿਸਾਨਾਂ ਦੀ ਬਾਂਹ ਫੜੀ ਗਈ ਤੇ ‘ਕਰਜ਼ਾ ਮੁਆਫੀ ਸਕੀਮ’ ਲਿਆਂਦੀ ਗਈ। ਸਹਿਕਾਰੀ ਅਤੇ ਵਪਾਰਕ ਬੈਂਕਾਂ ਦੇ ਕਰਜ਼ਾ ਪ੍ਰਾਪਤ ਛੋਟੇ ਅਤੇ ਦਰਮਿਆਨੇ 5 ਲੱਖ 64 ਹਜ਼ਾਰ ਕਿਸਾਨਾਂ ਦਾ 4624 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ। ਇਸੇ ਤਰ੍ਹਾਂ ਹੁਣ 2 ਲੱਖ 85 ਹਜ਼ਾਰ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਦਾ 520 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 8 ਲੱਖ 50 ਹਜ਼ਾਰ ਪਰਿਵਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਹੇਠ ਲਿਆਂਦਾ ਗਿਆ, ਜਿਸ ਤਹਿਤ ਇਨ੍ਹਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਢੇ ਚਾਰ ਸਾਲਾਂ ਦੌਰਾਨ 9 ਫਸਲਾਂ ਦੀ ਖਰੀਦ 48 ਘੰਟਿਆਂ ਅੰਦਰ ਕਰਕੇ ਕਿਸਾਨਾਂ ਨੂੰ ਬਣਦੀ ਰਕਮ ਅਦਾ ਕੀਤੀ ਹੈ।
ਸ. ਨਾਗਰਾ ਨੇ ਕਿਹਾ ਕਿ ਜਬਰ ਜ਼ੁਲਮ ਦਾ ਟਾਕਰਾ ਕਰਨ ਅਤੇ ਇਸ ਅੱਗੇ ਨਾ ਝੁਕਣ ਦੀ ਪ੍ਰੇਰਨਾ ਸਾਨੂੰ ਗੁਰੂ ਸਾਹਿਬਾਨ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਉਹ ਧਰਤੀ ਹੈ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਸੂਬਾ ਸਰਹੰਦ ਦੇ ਜ਼ਾਲਮ ਰਾਜ ਦਾ ਖਾਤਮਾ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਤ ਕਰਦਿਆਂ ਮੁਜਾਹਰਿਆਂ ਨੂੰ ਜ਼ਮੀਨਾਂ ਦਿਵਾਈਆਂ ਸਨ।
ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਕਰਜ਼ਾ ਰਾਹਤ ਦੇਣ ਦੀ ਸਹੂਲਤ ਤਹਿਤ ਜ਼ਿਲ੍ਹੇ ਦੇ ਕਰੀਬ 06 ਹਜ਼ਾਰ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ 03 ਕਰੋੜ 97 ਲੱਖ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ, ਜਿਸ ਨਾਲ ਇਸ ਵਰਗ ਨੂੰ ਵੱਡੀ ਰਾਹਤ ਮਿਲੇਗੀ ਤੇ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣ ਸਕੇਗੀ ਅਤੇ ਸੂਬਾ ਦੀ ਤਰੱਕੀ ਦੀ ਰਫ਼ਤਾਰ ਤੇਜ਼ ਹੋਵੇਗੀ।
ਇਸ ਮੌਕੇ ਐੱਸ.ਡੀ.ਐੱਮ ਸੰਜੀਵ ਕੁਮਾਰ,ਮਾਰਕਿਟ ਕਮੇਟੀ ਚਨਾਰਥਲ ਦੇ ਵਾਈਸ ਚੇਅਰਮੈਨ ਇੰਦਰਪਾਲ ਸਿੰਘ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ ਲੱਖੀ, ਪੰਚ ਪਰਮਜੀਤ ਸਿੰਘ ਠੇਕੇਦਾਰ, ਪੰਚ ਰਣਜੀਤ ਸਿੰਘ, ਕਿਸਾਨ ਦੇ ਪਿਤਾ ਪ੍ਰੀਤਮ ਸਿੰਘ, ਗੁਰਕ੍ਰਿਪਾਲ ਸਿੰਘ ਕੱਕੂ, ਕ੍ਰਿਸ਼ਨ ਲਾਲ, ਨਿੰਦਾ ਟਿਵਾਣਾ, ਸੁੱਖਾ ਟਿਵਾਣਾ, ਨਿਰਪਾਲ ਸਿੰਘ, ਸਵਰਨਦੀਪ ਸਿੰਘ, ਸਿੱਮੂ ਟਿਵਾਣਾ ਆਦਿ ਹਾਜ਼ਰ ਸਨ।