ਓਲੰਪਿਕ ਤਮਗੇ ਜਿੱਤਣ ਵਾਲੇ ਪੰਜਾਬੀ ਹਾਕੀ ਖਿਡਾਰੀਆਂ ਨੂੰ ਸਮਰਪਿਤ ਕੀਤੇ ਗਏ 10 ਸਰਕਾਰੀ ਸਕੂਲਾਂ ਦੇ ਨਾਮ : ਵਿਜੈ ਇੰਦਰ ਸਿੰਗਲਾ

0

ਚੰਡੀਗੜ੍ਹ, 22 ਅਗਸਤ 2021 : ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਓਲੰਪਿਕ ਤਗਮਾ ਜੇਤੂ ਹਾਕੀ ਖਿਡਾਰੀਆਂ ਦੇ ਸਬੰਧਤ ਖੇਤਰਾਂ ਦੇ ਸਕੂਲਾਂ ਦਾ ਨਾਂ ਇਨ੍ਹਾਂ ਖਿਡਾਰੀਆਂ ਨੂੰ ਸਮਰਪਿਤ ਕੀਤੇ ਹਨ। ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਟੋਕੀਓ ਓਲੰਪਿਕ-2020 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ 11 ਪੰਜਾਬੀ ਖਿਡਾਰੀਆਂ ਦੇ ਨਾਂ ’ਤੇ ਸਕੂਲਾਂ ਦੇ ਨਾਂ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਮੰਤਰੀ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀ.ਐਸ.ਐਸ.ਐਸ) ਮਿੱਠਾਪੁਰ, ਜਲੰਧਰ ਦਾ ਨਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਸਕੂਲ ਹੁਣ ਓਲੰਪੀਅਨ ਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਦੇ ਨਾਂ ਨਾਲ ਜਾਣਿਆ ਜਾਵੇਗਾ।

                                       

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੰਮੋਵਾਲ, ਅੰਮ੍ਰਿਤਸਰ ਦਾ ਨਾਮ ਉਪ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ ਜੋ ਓਲੰਪਿਕ ਵਿੱਚ ਭਾਰਤ ਲਈ ਸਭ ਤੋਂ ਵੱਧ ਛੇ ਗੋਲ ਦਾਗਣ ਵਾਲਾ ਭਾਰਤੀ ਖਿਡਾਰੀ ਹੈ। ਉਨਾਂ ਕਿਹਾ ਕਿ ਹੁਣ ਇਹ ਸਕੂਲ ਓਲੰਪੀਅਨ ਹਰਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਟਿੰਮੋਵਾਲ ਵਜੋਂ ਜਾਣਿਆ ਜਾਵੇਗਾ।

ਸ੍ਰੀ ਸਿੰਗਲਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਦਾ ਨਾਂ ਓਲੰਪੀਅਨ ਮਨਦੀਪ ਸਿੰਘ ਵਰੁਣ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਖਿਡਾਰੀਆਂ ਨੇ ਕ੍ਰਮਵਾਰ ਸਟਰਾਈਕਰ ਅਤੇ ਡਿਫੈਂਸ ਖਿਡਾਰੀ ਵਜੋਂ ਓਲੰਪਿਕ ਦੌਰਾਨ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।

         

ਉਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਅੰਮ੍ਰਿਤਸਰ ਹੁਣ ਓਲੰਪੀਅਨ ਸਮਸ਼ੇਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਜੋਂ ਜਾਣਿਆ ਜਾਵੇਗਾ, ਜਿਸ ਨੇ ਟੂਰਨਾਮੈਂਟ ਦੌਰਾਨ ਇੱਕ ਸਫਲ ਮਿਡਫੀਲਡਰ ਵਜੋਂ ਬਿਹਤਰੀਨ ਭੂਮਿਕਾ ਨਿਭਾਈ ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ਼ ਫਰੀਦਕੋਟ ਨੂੰ ਓਲੰਪੀਅਨ ਰੁਪਿੰਦਰਪਾਲ ਸਿੰਘ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ ਫਰੀਦਕੋਟ ਦਾ ਨਾਮ ਦਿੱਤਾ ਗਿਆ ਹੈ। ਰੁਪਿੰਦਰਪਾਲ ਨੇ ਵੀ ਟੋਕੀਓ ਓਲੰਪਿਕਸ ਵਿੱਚ 4 ਗੋਲ ਕੀਤੇ ਸਨ। ਉਨਾਂ ਕਿਹਾ ਕਿ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਨੂੰ ਓਲੰਪੀਅਨ ਹਾਰਦਿਕ ਸਿੰਘ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਹਾਰਦਿਕ ਨੇ ਨਾਕ ਆਉਟ ਪੜਾਅ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ।

             

ਉਨਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਗੁਰਜੰਟ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਦਿਲਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਰੱਖਿਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਗੁਰਜੰਟ ਅਤੇ ਦਿਲਪ੍ਰੀਤ ਦੋਵੇਂ ਭਾਰਤੀ ਹਾਕੀ ਟੀਮ ਵਿੱਚ ਸਟਰਾਈਕਰ ਵਜੋਂ ਖੇਡ ਰਹੇ ਸਨ। ਉਨਾਂ ਕਿਹਾ ਕਿ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਨੂੰ ਓਲੰਪੀਅਨ ਸਿਮਰਨਜੀਤ ਸਿੰਘ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਦਾ ਨਾਮ ਦਿੱਤਾ ਗਿਆ ਹੈ। ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਿਮਰਨਜੀਤ ਨੇ ਦੋ ਬਹੁਤ ਅਹਿਮ ਗੋਲ ਦਾਗੇ ਸਨ।

         

ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ, ਆਰ.ਸੀ.ਐਫ., ਕਪੂਰਥਲਾ ਨੂੰ ਓਲੰਪੀਅਨ ਕ੍ਰਿਸ਼ਨ ਬੀ. ਪਾਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ, ਆਰ.ਸੀ.ਐਫ, ਕਪੂਰਥਲਾ ਦਾ ਨਾਂ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪਾਠਕ ਭਾਰਤੀ ਟੀਮ ਵਿੱਚ ਰਾਖਵੇਂ ਗੋਲਕੀਪਰ ਵਜੋਂ ਸ਼ਾਮਲ ਸਨ।

ਸ੍ਰੀ ਸਿੰਗਲਾ ਨੇ ਕਿਹਾ ਕਿ ਭਾਰਤੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਸੁਨਹਿਰੀ ਯੋਗਦਾਨ ਹੈ ਅਤੇ ਇਸ ਨੇ ਦੇਸ਼ ਵਿੱਚ ਓਲੰਪਿਕ ਲਈ ਦੂਜੀ ਸਭ ਤੋਂ ਵੱਡੀ ਟੀਮ ਭੇਜੀ ਸੀ ਕਿਉਂਕਿ ਕੁੱਲ 124 ਖਿਡਾਰੀਆਂ ਵਿੱਚੋਂ 20 ਪੰਜਾਬ ਦੇ ਸਨ। ਸ੍ਰੀ ਸਿੰਗਲਾ ਜੋ ਲੋਕ ਨਿਰਮਾਣ ਵਿਭਾਗ ਦਾ ਕਾਰਜਭਾਰ ਵੀ ਸੰਭਾਲ ਰਹੇ ਹਨ, ਨੇ ਦੱਸਿਆ ਕਿ ਇਸ ਤੋਂ ਇਲਾਵਾ, ਸਬੰਧਤ ਤਗਮਾ ਜੇਤੂ ਖਿਡਾਰੀ ਦੇ ਨਿਵਾਸ ਜਾਂ ਪਿੰਡ ਜਾਂ ਖੇਤਰ ਨੂੰ ਜੋੜਨ ਵਾਲੀਆਂ ਸੜਕਾਂ ਦਾ ਨਾਂ ਵੀ ਉਨਾਂ ਖਿਡਾਰੀਆਂ ਦੇ ਨਾਂ ‘ਤੇ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨੂੰ ਉਨਾਂ ਦੀਆਂ ਮਨਪਸੰਦ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।

About The Author

Leave a Reply

Your email address will not be published. Required fields are marked *

You may have missed