ਬਜ਼ੁਰਗ ਸਾਡਾ ਬਹੁਮੁੱਲਾ ਸਰਮਾਇਆ : ਐਡਵੋਕੇਟ ਬਲਵੰਤ ਭਾਟੀਆ
ਮਾਨਸਾ, 21 ਅਗਸਤ 2021 : ਬਜ਼ੁਰਗ ਸਾਡਾ ਬਹੁਮੁੱਲਾ ਸਰਮਾਇਆ ਹਨ, ਉਨ੍ਹਾਂ ਦੀ ਦੇਖਭਾਲ ਅਤੇ ਪੋਸ਼ਣ ਕਰਨਾ ਸਾਡੀ ਇਖ਼ਲਾਕੀ ਜ਼ਿੰਮੇਵਾਰੀ ਦੇ ਨਾਲ ਨਾਲ ਕਾਨੂੰਨੀ ਜ਼ਿੰਮੇਵਾਰੀ ਵੀ ਹੈ, ਇਸ ਲਈ ਹਰ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮਾਨਸਾ ਮੈਡਮ ਸ਼ਿਲਪਾ ਦੇ ਨਿਰਦੇਸ਼ਾਂ ਤਹਿਤ ਸਥਾਨਕ ਗੁਰੂ ਨਾਨਕ ਨਗਰ ਵਿਖੇ ਸਥਿਤ ਬਾਬਾ ਮੋਤਾ ਸਿੰਘ ਧਰਮਸ਼ਾਲਾ ਵਿਖੇ ਬਜ਼ੁਰਗਾਂ ਅਤੇ ਨੌਜਵਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਲਵੰਤ ਭਾਟੀਆ ਨੇ ਕੀਤਾ।
ਉਨ੍ਹਾਂ ਮੈਂਟੇਨੈੱਸ ਆਫ਼ ਪੈਰੇਂਟਸ ਐਂਡ ਸੀਨੀਅਰ ਸਿਟੀਜ਼ਨਜ਼ ਐਕਟ 2007 ਦੇ ਹਵਾਲੇ ਨਾਲ ਕਿਹਾ ਕਿ ਜੋ ਔਲਾਦ ਬਜ਼ੁਰਗਾਂ ਦੀ ਦੇਖਭਾਲ ਨਹੀਂ ਕਰਦੀ ਤਾਂ ਬਜ਼ੁਰਗ ਇਸ ਐਕਟ ਤਹਿਤ ਸਬ ਡਵੀਜ਼ਨ ਪੱਧਰ ’ਤੇ ਬਣੇ ਟ੍ਰਿਬਿਊਨਲ ’ਚ ਕੇਸ ਲਗਾ ਕੇ ਮਹੀਨਾਵਾਰ ਖ਼ਰਚਾ ਕਲੇਮ ਕਰ ਸਕਦੇ ਹਨ ਅਤੇ ਬੱਚਿਆਂ ਦੇ ਨਾਂਅ ਲਗਾਈ ਜਾਇਦਾਦ ਨੂੰ ਵੀ ਇਸੇ ਐਕਟ ਤਹਿਤ ਵਾਪਸ ਲੈ ਸਕਦੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਉੱਘੀ ਸਮਾਜ ਸੇਵੀ ਅਤੇ ਅਧਿਆਪਕਾ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਕਾਨੂੂੰਨੀ ਸੇਵਾਵਾਂ ਅਥਾਰਿਟੀ ਮਾਨਸਾ ਆਮ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦੇ ਕੇ ਸ਼ਲਾਘਾਯੋਗ ਕਾਰਜ ਕਰ ਰਹੀ ਹੈ। ਆਮ ਲੋਕਾਂ ਨੂੰ ਇਹ ਜਾਣਕਾਰੀ ਹਾਸਲ ਕਰ ਕੇ ਕਾਨੂੰਨੀ ਸੇਵਾਵਾਂ ਦਾ ਲਾਹਾ ਲੈਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲਰ ਸਿਮਰਨਜੀਤ ਕੌਰ, ਅਧਿਆਪਕ ਕੁਲਜੀਤ ਸਿੰਘ, ਬਲੌਰ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਲਾਲੀ ਅਤੇ ਭਜਨ ਸਿੰਘ ਨੇ ਵੀ ਸੰਬੋਧਨ ਕੀਤਾ।