100 ਫੀਸਦੀ ਟੈਸਟਿੰਗ, ਸਪਲੀਮੈਂਟ ਨਾਲ ਇਲਾਜ ਅਤੇ ਮਿਡ ਡੇਅ ਮੀਲ ਦੀ ਪੌਸ਼ਟਿਕਤਾ ਵਧਾਉਣ ’ਤੇ ਦਿੱਤਾ ਜਾਵੇਗਾ ਜ਼ੋਰ – ਚੇਅਰਮੈਨ ਚੀਮਾ
ਬਟਾਲਾ, 13 ਜੁਲਾਈ 2021 : ਛੋਟੀ ਉਰ ਦੀਆਂ ਲੜਕੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਅਨੀਮੀਆ (ਖੂਨ ਦੀ ਘਾਟ) ਤੋਂ ਨਿਜਾਤ ਦਿਵਾਉਣ ਲਈ ਪੰਜਾਬ ਸਰਕਾਰ ਨੇ ‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸੂਬੇ ਵਿੱਚ ਅਨੀਮੀਆ ਘਟਾਉਣ ਬਾਰੇ ਸਿਹਤ ਅਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਅਤੇ ਸਕੂਲ ਸਿੱਖਿਆ ਵਿਭਾਗ ਸਾਂਝੇ ਤੌਰ ’ਤੇ ਕੰਮ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਤਿੰਨੋਂ ਵਿਭਾਗਾਂ ਨੂੰ ਤਰਜੀਹੀ ਆਧਾਰ ’ਤੇ ਬੱਚਿਆਂ, ਛੋਟੀ ਉਮਰ ਦੀਆਂ ਲੜਕੀਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਟੈਸਟਿੰਗ ਅਤੇ ਇਲਾਜ ’ਤੇ ਧਿਆਨ ਕੇਂਦਰਤਿ ਕਰਦਿਆਂ ਮੁਹਿੰਮ ਨੂੰ ਸੰਗਠਿਤ ਤੌਰ ਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨਾਂ ਕਿਹਾ ਕਿ ਅਨੀਮੀਆ ਖਾਸਕਰ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਨਾਲ-ਨਾਲ ਛੋਟੀ ਉਮਰ ਦੀਆਂ ਲੜਕੀਆਂ ਵਿੱਚ ਇੱਕ ਪ੍ਰਮੁੱਖ ਮੁੱਦਾ ਹੈ ਪਰ ਆਇਰਨ ਅਤੇ ਫੋਲਿਕ ਐਸਿਡ ਸਪਲੀਮੈਂਟਾਂ ਅਤੇ ਸਹੀ ਪੌਸ਼ਟਿਕ ਖੁਰਾਕ ਨਾਲ ਇਸਦੀ ਆਸਾਨੀ ਨਾਲ ਰੋਕਥਾਮ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਤਿੰਨੋ ਸਬੰਧਤ ਵਿਭਾਗਾਂ ਨੂੰ ਆਇਰਨ-ਫੋਲਿਕ ਐਸਿਡ (ਆਈ.ਐੱਫ.ਏ.) ਦੀਆਂ ਗੋਲੀਆਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਮਿਡ-ਡੇਅ ਮੀਲ ਦੀ ਪੌਸ਼ਟਿਕਤਾ ਦੇ ਪੱਧਰ ਨੂੰ ਵਧਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਇਸ ਮੁਹਿੰਮ ਤਹਿਤ ਬੱਚਿਆਂ ਵਿੱਚ ਅਨੀਮੀਆ ਦੀ ਰੋਕਥਾਮ ਲਈ ਸਾਰੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਕਵਰ ਕਰਨ।
ਇਸ ਮੁਹਿੰਮ ਤਹਿਤ 9ਵੀਂ ਤੋਂ 12ਵੀਂ ਜਮਾਤ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਕਵਰ ਕਰਨ ’ਤੇ ਜੋਰ ਦਿੰਦਿਆਂ ਸ. ਚੀਮਾ ਨੇ ਸਿਹਤ ਵਿਭਾਗ ਨੂੰ ਸਾਰੇ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਆਸਾ ਵਰਕਰਾਂ ਨੂੰ ਆਈ.ਐੱਫ.ਏ. ਦੀਆਂ ਗੋਲੀਆਂ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਸਾਮਲ ਤਿੰਨੋ ਵਿਭਾਗਾਂ ਨੂੰ ਅਨੀਮੀਆ ਤੋਂ ਪ੍ਰਭਾਵਿਤ ਬੱਚਿਆਂ ਦੀ ਟੈਸਟਿੰਗ ਸਬੰਧੀ ਅੰਕੜਿਆਂ ਨੂੰ ਸਾਂਝਾ ਕਰਨ ਅਤੇ ਵੈਬਸਾਈਟ ਤੇ ਅਪਲੋਡ ਕਰਨ ਦੀ ਹਦਾਇਤ ਕੀਤੀ ਗਈ ਹੈ। ਸ. ਚੀਮਾ ਨੇ ਕਿਹਾ ਕਿ ਪੇਂਡੂ ਅਤੇ ਸਹਿਰੀ ਖੇਤਰਾਂ ਵਿੱਚ ਲਾਭਪਾਤਰੀਆਂ ਨੂੰ ਆਈ.ਐੱਫ.ਏ. ਦੀਆਂ ਗੋਲੀਆਂ ਦੀ 100 ਫੀਸਦੀ ਵੰਡ ਯਕੀਨੀ ਬਣਾਉਣ ਲਈ ਨਿਰਦੇਸ ਦਿੱਤੇ ਗਏ ਹਨ।