ਹੁਨਰ ਵਿਕਾਸ ਕੇਂਦਰਾਂ ਵਿਖੇ ਮਨਾਇਆ ਛੇਵਾਂ ਵਿਸ਼ਵ ਯੂਥ ਸਕਿੱਲ ਦਿਵਸ
ਮਾਨਸਾ, 16 ਜੁਲਾਈ 2021 : 6ਵੇਂ ਵਿਸ਼ਵ ਯੂਥ ਸਕਿੱਲ ਦਿਵਸ ਮੌਕੇ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਹੁਨਰ ਵਿਕਾਸ ਕੇਂਦਰਾਂ ਵਿਖੇ ਵਿਸ਼ਵ ਯੂਥ ਸਕਿੱਲ ਦਿਵਸ ਮਨਾਇਆ ਗਿਆ, ਜਿਸ ਵਿੱਚ ਸਿੱਖਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਆਪਣਾ ਯੋਗਦਾਨ ਪਾਇਆ। ਇਸ ਮੌਕੇ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟ੍ਰੀਅਲ ਮੰਤਰੀ ਪੰਜਾਬ ਸਰਕਾਰ ਸ਼੍ਰੀ ਚਰਨਜੀਤ ਸਿੰਘ ਚੰਨੀ ਨੇ ਬੱਚਿਆਂ ਨੂੰ ਵਰਲਡ ਯੂਥ ਸਕਿੱਲ ਡੇਅ ਦੀ ਮਹੱਤਤਾ ਬਾਰੇ ਆਨਲਾਈਨ ਜਾਣੂ ਕਰਵਾਇਆ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਆਉਣ ਵਾਲੇ ਸਮੇਂ ਵਿੱਚ ਵਿਸ਼ੇਸ਼ ਭੂਮਿਕਾ ਬਾਰੇ ਦੱਸਿਆ।
ਇਸ ਦੌਰਾਨ ਵੱਖ-ਵੱਖ ਹੁਨਰ ਕੇਂਦਰਾਂ ਵਿੱਚ ਸਿਲਾਈ, ਰੀਟੇਲ ਟਰੇਨੀ ਐਸੋਸੀਏਟ, ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ ਅਤੇ ਸਜਾਵਟ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫ਼ਸਰ ਪੀ.ਐਸ.ਡੀ.ਐਮ. ਸ਼੍ਰੀ ਉਪਕਾਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਪਹਿਲਾਂ ਤੋਂ ਹੁਨਰ ਟਰੇਨਿੰਗ ਪ੍ਰਾਪਤ ਕਰ ਚੁੱਕੇ ਪਲੇਸਡ ਉਮੀਦਵਾਰਾਂ ਵੱਲੋਂ ਟਰੇਨਿੰਗ ਪ੍ਰਾਪਤ ਕਰ ਰਹੇ ਉਮੀਦਵਾਰਾਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹੁਨਰ ਕੋਰਸ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਬਹੁਤ ਤੇਜ਼ੀ ਨਾਲ ਬਦਲਾਵ ਲਿਆ ਰਹੇ ਹਨ ਅਤੇ ਨੌਜਵਾਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਬਹੁਤ ਵਧੀਆ ਮੌਕਾ ਪ੍ਰਦਾਨ ਕਰ ਰਹੇ ਹਨ।
ਜ਼ਿਲ੍ਹਾ ਇੰਚਾਰਜ ਪੰਜਾਬ ਹੁਨਰ ਵਿਕਾਸ ਮਿਸ਼ਨ ਮਨੋਜ ਕੁਮਾਰ, ਮੈਨੇਜਰ ਰੋਜ਼ਗਾਰ ਅਤੇ ਸਿਖਲਾਈ ਮਾਸਟਰ ਵਨੀਤ ਅਤੇ ਮੈਨੇਜਰ ਮੋਬਲਾਇਜੇਸ਼ਨ ਹਰਜਿੰਦਰ ਸਿੰਘ ਨੇ ਵੱਖ-ਵੱਖ ਹੁਨਰ ਕੇਂਦਰਾ ਦਾ ਦੌਰਾ ਕੀਤਾ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਸਕਿੱਲ ਕੋਰਸਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।