ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ – ਡਾ ਕਵਿਤਾ
ਫ਼ਾਜ਼ਿਲਕਾ 7 ਅਗਸਤ 2021 : ਸਿਹਤ ਵਿਭਾਗ ਵਲੋਂ 7 ਅਗਸਤ ਤੱਕ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਸਿਵਲ ਸਰਜਨ ਫਾਜਿਲਕਾ ਡਾ. ਦੇਵਿੰਦਰ ਢਾਂਡਾ ਜੀ ਦੀ ਯੋਗ ਅਗਵਾਈ ਵਿਚ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫ਼ਤਾ ਮਨਾਇਆ ਗਿਆ। ਇਸ ਦੇ ਤਹਿਤ ਅੱਜ ਜਿਲਾ ਹਸਪਤਾਲ ਫਾਜ਼ਿਲਕਾ ਵਿਖੇ ਸਮਾਪਤੀ ਪ੍ਰੋਗਰਾਮ ਵਿਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਕਵਿਤਾ ਸਿੰਘ ਨੇ ਕਿਹਾ ਕੇ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ ਫੇਰ ਕੋਈ ਵੀ ਮਾਂ ਅਪਣੇ ਬੱਚੇ ਨੂੰ ਇਸ ਤੋਂ ਕਿਵੇਂ ਵਾਂਝਾ ਕਰ ਸਕਦੀ ਹੈ।
ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਜਿਹੜੀਆਂ ਮਾਵਾਂ ਬੱਚਿਆਂ ਨੂੰ ਅਪਣਾ ਦੁੱਧ ਪਿਲਾਉਂਦੀਆਂ ਨੇ ਉਹ ਛਾਤੀ ਦੇ ਕੈਂਸਰ, ਮੋਟਾਪੇ ਆਦਿ ਅਲਾਮਤਾਂ ਤੋਂ ਬਚੀਆਂ ਰਹਿੰਦੀਆਂ ਨੇ। ਡਾ. ਕਾਜਮੀ ਨੇ ਕਿਹਾ ਕਿ ਇਹ ਇਕ ਸਾਂਝੀ ਜਿੰਮੇਵਾਰੀ ਹੈ ਤੇ ਪਰਿਵਾਰ ਦੇ ਸਾਰੇ ਮੈਂਬਰ ਨੂੰ ਮਾਂ ਨੂੰ ਸਹਿਯੋਗ ਅਤੇ ਹੌਸਲਾ ਅਫਜ਼ਾਈ ਕਰਦੇ ਰਹਿਣਾ ਚਾਹੀਦਾ ਹੈ।
ਡਾ. ਸੁਧੀਰ ਪਾਠਕ ਸਿਨੀਅਰ ਮੈਡੀਕਲ ਅਫਸਰ ਫਾਜ਼ਿਲਕਾ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਜੋ ਵੀ ਮਾਂ ਜਣੇਪੇ ਲਈ ਆਉਂਦੀ ਹੈ ਓਸ ਨੂੰ ਸਾਰੀਆਂ ਸਹੂਲਤਾਂ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਨਾਲ ਹੀ ਬੱਚੇ ਨੂੰ ਇਕ ਘੰਟੇ ਦੇ ਅੰਦਰ ਅੰਦਰ ਮਾਂ ਦਾ ਦੁੱਧ ਪਿਆਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਡਾ. ਸੁਧੀਰ ਪਾਠਕ ਨੇ ਸਮੂਹ ਆਸ਼ਾ ਵਰਕਰਾਂ ਅਤੇ ਏ. ਏਨ. ਏਮ. ਨੂੰ ਇਕ ਸੌਂਹ ਵੀ ਚੁਕਾਈ ਕੇ ਉਹ ਬੱਚੇ ਨੂੰ ਮਾਂ ਦੇ ਦੁੱਧ ਪਿਲਾਉਣ ਲਈ ਜਾਗਰੂਕ ਕਰਦੀਆਂ ਰਹਿਣਗੀਆਂ, ਨਾਲ ਹੀ ਇਕ ਜਾਗਰੁਕਤਾ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਤੇ ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਲਗਾਤਾਰ 7 ਦਿਨ ਪੂਰੇ ਜ਼ਿਲੇ ਵਿਚ ਏਹ ਅਭਿਆਨ ਚਲਾਇਆ ਗਿਆ, ਪਰ ਇਹ ਐਹੋ ਜਿਹਾ ਵਿਸ਼ਾ ਹੈ ਜਿਸ ਨੂੰ 7 ਦਿਨਾਂ ਵਿਚ ਪੂਰਾ ਨਹੀਂ ਕੀਤਾ ਜਾ ਸਕਦਾ ਬਲਕਿ ਆਪਾਂ ਨੂੰ 12 ਮਹੀਨੇ 30 ਦਿਨ ਮਾਵਾਂ ਨੂੰ ਜਾਗਰੂਕ ਕਰਦੇ ਰਹਿਣਾ ਹੈ।
ਇਸ ਮੌਕੇ ਤੇ ਦੇਵਿੰਦਰ ਕੌਰ, ਕ੍ਰਿਸ਼ਨਾ ਰਾਣੀ ਅਤੇ ਆਸ਼ਾ ਵਰਕਰ ਹਾਜ਼ਰ ਸਨ।