ਫਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ ਮੁਹਿੰਮ : ਸ੍ਰੀ ਮਹਿੰਦਰ ਪਾਲ
ਮਾਨਸਾ, 20 ਜੁਲਾਈ 2021 : ਡਾਇਰੈਕਟਰ ਬਾਗਬਾਨੀ ਪੰਜਾਬ ਦੀ ਯੋਗ ਅਗਵਾਈ ਹੇਠ ਚੱਲ ਰਹੀ ਪੌਸ਼ਟਿਕ ਸੁਰੱਖਿਆ ਮੁਹਿੰਮ (ਸੀਡ ਬਾਲਜ ਰਾਹੀਂ-ਪਾਇਲਟ ਪ੍ਰੋਜੈਕਟ) ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੁਆਰਾ ਸੀਡ ਬਾਲਜ਼ ਰਿਲੀਜ਼ ਕੀਤੀਆਂ ਗਈਆਂ ।
ਇਸ ਮੌਕੇ ਸਹਾਇਕ ਡਾਇਰੈਕਟਰ ਬਾਗਾਬਾਨੀ ਮਾਨਸਾ, ਡਾ. ਕੁਲਜੀਤ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ 20 ਤੋਂ 25 ਜੁਲਾਈ 2021 ਦੌਰਾਨ ਸੂਬੇ ਵਿਚ ਫਲਾਂ ਦੀਆਂ 2.5 ਲੱਖ ਸੀਡ ਬਾਲਜ ਤਿਆਰ ਕਰਕੇ ਸਕੂਲਾਂ, ਪੰਚਾਇਤਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਤੇ ਪਲਾਂਟ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆਂ ਕਿ ਜ਼ਿਲ੍ਹਾ ਮਾਨਸਾ ਵੱਲੋਂ ਮੌਸਮੀ ਫਲ ਜਾਮਣ, ਅੰਬ, ਅਮਰੂਦ, ਫਾਲਸਾ, ਕਰੋਂਦਾ, ਨਿੰਬੂ, ਬੇਰ, ਆਦਿ ਦੀਆਂ 9500 ਸੀਡ ਬਾਲਜ ਪਲਾਂਟ ਕਰਵਾਈਆਂ ਜਾਣਗੀਆਂ।
ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ, ਬੁਢਲਾਡਾ, ਸ੍ਰੀ ਵਿਪੇਸ਼ ਕੁਮਾਰ ਨੇ ਦੱਸਿਆ ਕਿ ਆਮ ਤੌਰ ਤੇ ਘਰਾਂ ਵਿਚ ਫਲ ਖਾਣ ਉਪਰੰਤ ਬੀਜ ਕੂੜੇਦਾਨ/ਰੂੜੀ ਤੇ ਸੁੱਟ ਦਿੱਤੇ ਜਾਂਦੇ ਹਨ। ਇਨ੍ਹਾਂ ਬੀਜਾਂ ਤੋਂ ਸੀਡ ਬਾਲਜ ਬਣਾਕੇ ਬਰਸਾਤੀ ਮੌਸਮ ਦੌਰਾਨ ਸਕੂਲਾਂ, ਪੰਚਾਇਤੀ ਅਤੇ ਹੋਰ ਖਾਲੀ ਪਈਆ ਸਮਾਜਿਕ ਥਾਵਾਂ ਤੇ ਪਲਾਂਟ ਕਰਨੇ ਚਾਹੀਦੇ ਹਨ, ਜਿਸ ਨਾਲ ਆਲੇ-ਦੁਆਲੇ ਫਲਦਾਰ ਬੂਟਿਆਂ ਦੀ ਗਿਣਤੀ ਵਧ ਸਕੇ ਅਤੇ ਪੌਸ਼ਟਿਕ ਸੁਰੱਖਿਆ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ।
ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਸਰਦੂਲਗੜ੍ਹ, ਸ੍ਰੀ ਬਲਬੀਰ ਸਿੰਘ ਅਤੇ ਬਾਗਬਾਨੀ ਵਿਕਾਸ ਅਫ਼ਸਰ ਮਾਨਸਾ, ਸ੍ਰੀ ਪਰਮੇਸ਼ਰ ਕੁਮਾਰ, ਹਾਜਰ ਸਨ।