ਡਰਾਈ-ਡੇ, ਫਰਾਈ-ਡੇ ਤਹਿਤ ਸਿਹਤ ਵਿਭਾਗ ਨੇ ਘਰ-ਘਰ ਜਾ ਕੇ ਕੀਤੀ ਮੱਛਰ ਦੇ ਲਾਰਵੇ ਦੀ ਚੈਕਿੰਗ
ਲੌਂਗੋਵਾਲ, 6 ਅਗਸਤ 2021: ਸਿਹਤ ਵਿਭਾਗ ਸੰਗਰੂਰ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾਂਦੇ ਡਰਾਈ-ਡੇ, ਫ਼ਰਾਈ-ਡੇ ਤਹਿਤ ਅੱਜ ਬਲਾਕ ਲੌਂਗੋਵਾਲ ਦੇ ਵੱਖ-ਵੱਖ ਪਿੰਡਾਂ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਮੱਛਰ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ ਤੇ ਕੂਲਰਾਂ, ਗਮਲਿਆਂ ਆਦਿ ਵਿਚ ਖੜ੍ਹੇ ਪਾਣੀ ਨੂੰ ਡੋਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐਚ.ਸੀਂ ਲੌਂਗੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅੰਜੂ ਸਿੰਗਲਾ ਨੇ ਕਿਹਾ ਕਿ ਬਲਾਕ ਵਿਚ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਹਰ ਸ਼ੁੱਕਰਵਾਰ ਨੰੂ ਘਰਾਂ, ਫੈਕਟਰੀਆਂ, ਕਬਾੜ ਦੀਆਂ ਥਾਵਾਂ ਆਦਿ ਵਿਖੇ ਜਾ ਕੇ ਮਲੇਰੀਆ, ਡੇਂਗੂ ਮੱਛਰ ਦੇ ਲਾਰਵੇ ਨੂੰ ਨਸ਼ਟ ਕਰਦੀਆਂ ਹਨ ਤੇ ਆਮ ਲੋਕਾਂ ਨੰੂ ਇਸ ਬਾਰੇ ਜਾਗਰੂਕ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਮਲੇਰੀਆ ਤੇ ਡੇਂਗੂ ਬੁਖਾਰ ਤੋਂ ਬਚਣ ਲਈ ਘਰਾਂ ਵਿਚ ਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਮਾਦਾ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ। ਉਨਾਂ ਕਿਹਾ ਕਿ ਮਲੇਰੀਆ ਬੁਖਾਰ ਦੇ ਮੁੱਖ ਲੱਛਣ ਠੰਢ ਅਤੇ ਕਾਂਬੇ ਨਾਲ ਬੁਖਾਰ, ਤੇਜ ਬੁਖਾਰ ਅਤੇ ਸਿਰ ਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋੋਰੀ ਅਤੇ ਸਰੀਰ ਨੂੰ ਪਸੀਨਾ ਆਉਣਾ ਆਦਿ ਨਿਸ਼ਾਨੀਆਂ ਹਨ।
ਬਲਾਕ ਐਜੂਕੇਟਰ ਯਾਦਵਿੰਦਰ ਨੇ ਕਿਹਾ ਕਿ ਮਲੇਰੀਆ, ਡੇਂਗੂ ਦੀ ਰੋਕਥਾਮ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਛੱਪੜਾਂ ਤੇ ਨਾਲੀਆਂ ਵਿਚ ਖੜ੍ਹੇ ਪਾਣੀ ਤੇ ਕਾਲੇ ਤੇਲ ਦਾ ਛਿੜਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੱਪੜੇ ਅਜਿਹੇ ਪਾਓ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਜੋ ਮੱਛਰ ਨਾ ਲੜਨ। ਸੌਣ ਵੇਲੇ ਮੱਛਰਦਾਨੀ ਅਤੇੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਹਫ਼ਤੇ ਸ਼ੁਕਰਵਾਰ ਨੂੰ ਡਰਾਈ-ਡੇ ਦੇ ਤੌਰ ’ਤੇ ਮਨਾਇਆ ਜਾਵੇ ਅਤੇ ਕੂਲਰਾਂ ਅਤੇ ਘਰ ਵਿੱਚ ਪਾਣੀ ਸਟੋਰ ਦੇ ਸਾਧਨਾਂ ਦੀ ਸਫ਼ਾਈ ਵੱਲ ਖਾਸ ਧਿਆਨ ਦਿੱਤਾ ਜਾਵੇ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਟੀਪਰਪਜ਼ ਸੁਪਰਵਾਈਜ਼ਰ ਚੰਦਰ ਭਾਨ, ਮਲਟੀਪਰਪਜ਼ ਹੈਲਥ ਵਰਕਰ ਬਾਲ ਿਸ਼ਨ ਅਤੇ ਸ਼੍ਰੀ ਸੁਖਵਿੰਦਰ ਸਿੰਘ ਹਾਜ਼ਰ ਸਨ।