ਚਾਨੂ ਦੀ ਇਤਿਹਾਸਕ ਪ੍ਰਾਪਤੀ ਪਿੱਛੇ ਪੰਜਾਬ ਪੁਲਿਸ ਦੇ ਇਸ ਇੰਸਪੈਕਟਰ ਦਾ ਅਹਿਮ ਯੋਗਦਾਨ
ਜਲੰਧਰ, 24 ਜੁਲਾਈ 2021 : ਟੋਕੀਓ ਓਲੰਪਿਕਸ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਣ ਵਾਲੀ ਸਾਈਖੋਮ ਮੀਰਾਬਾਈ ਚਾਨੂ ਦੀ ਇਸ ਇਤਿਹਾਸਕ ਪ੍ਰਾਪਤੀ ਪਿੱਛੇ ਕੋਚਿੰਗ ਟੀਮ ਦਾ ਅਹਿਮ ਯੋਗਦਾਨ ਹੈ ਜਿਸ ਵਿੱਚ ਸਹਾਇਕ ਕੋਚ ਸੰਦੀਪ ਕੁਮਾਰ ਪੰਜਾਬ ਦਾ ਰਹਿਣ ਵਾਲਾ ਹੈ।
ਓਲੰਪੀਅਨ ਸੰਦੀਪ ਕੁਮਾਰ ਜਲੰਧਰ ਦੇ ਬੜਾ ਪਿੰਡ ਦਾ ਰਹਿਣ ਵਾਲਾ ਹੈ ਜਿਹੜਾ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਹੈ। ਸੰਦੀਪ ਨੇ ਖ਼ੁਦ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਅਤੇ 1998 ਵਿੱਚ ਕੁਆਲਾਲੰਪਰ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ 69 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ। ਸੰਦੀਪ ਕੁਮਾਰ ਦੀ ਇਸ ਵੇਲੇ ਪੀਏਪੀ ਜਲੰਧਰ ਵਿਖੇ ਸੈਂਟਰ ਸਪੋਰਟਸ ਵਿੱਚ ਪੋਸਟਿੰਗ ਹੈ।