ਆਮ ਆਦਮੀ ਪਾਰਟੀ ਨੇ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਦੇ ਬੇਟੇ ‘ਤੇ ਜ਼ਮੀਨ ਘੁਟਾਲੇ ਦੇ ਲਾਏ ਦੋਸ਼
ਜਲੰਧਰ: ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ਦੇ ਬੇਟੇ ‘ਤੇ ਜ਼ਮੀਨ ਘੁਟਾਲੇ ਦਾ ਦੋਸ਼ ਲਗਾਇਆ ਹੈ। ਪਾਰਟੀ ਨੇ ਕਿਹਾ ਕਿ ਉਨਾਂਂ ਦੇ ਬੇਟੇ ਕਰਨ ਨੇ ਸੀਨੀਅਰ ਡਿਪਟੀ ਮੇਅਰ ਵਜੋਂ ਆਪਣੀ ਮਾਂ ਦੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਇਸ ਦਾ ਵਿੱਤੀ ਫਾਇਦਾ ਉਠਾਇਆ।
ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇਸ ਮਾਮਲੇ ਦਾ ਖੁਲਾਸਾ ਕਰਦਿਆਂ ‘ਆਪ’ ਆਗੂ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਦਿਓਲ ਨਗਰ ਵਿੱਚ ਕੋਕਾ ਕੋਲਾ ਕੰਪਨੀ ਦੀ 125 ਮਰਲੇ ਜ਼ਮੀਨ ਸੀ। ਪਹਿਲਾਂ ਉਸ ਜ਼ਮੀਨ ‘ਤੇ ਕੋਕਾ ਕੋਲਾ ਡਿਪੂ ਸੀ। ਕੰਪਨੀ ਨੇ ਉਸ ਨੂੰ ਕਮਰਸ਼ੀਅਲ ਸ਼੍ਰੇਣੀ ਵਿੱਚ ਕਰਵਾਇਆ ਸੀ। ਜਦੋਂ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਸਨ ਤਾਂ ਉਨ੍ਹਾਂ ਦੇ ਪੁੱਤਰ ਕਰਨ ਨੇ ਉਹ ਜ਼ਮੀਨ ਕੋਕਾ ਕੋਲਾ ਕੰਪਨੀ ਤੋਂ ਖਰੀਦੀ ਸੀ। ਹੁਣ ਉਹ ਉਸ ਕਮਰਸ਼ੀਅਲ ਜ਼ਮੀਨ ਨੂੰ ਰਿਹਾਇਸ਼ੀ ਪਲਾਟ ਵਿੱਚ ਤਬਦੀਲ ਕਰਕੇ ਨਾਜਾਇਜ਼ ਤੌਰ ’ਤੇ ਵੇਚ ਰਿਹਾ ਹੈ। ਪ੍ਰੈਸ ਕਾਨਫਰੰਸ ਵਿੱਚ ਟੀਨੂੰ ਦੇ ਨਾਲ ਆਪ ਆਗੂ ਰਾਜਵਿੰਦਰ ਕੌਰ ਥਿਆੜਾ ਵੀ ਮੌਜੂਦ ਸਨ।